ਮਾਨਸਾ: ਚੋਣ ਕਮਿਸ਼ਨ ਵੱਲੋਂ ਨੋਟਿਸ ਭੇਜੇ ਜਾਣ 'ਤੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਾਦਲਾਂ ਨੂੰ ਡਰ ਸਤਾ ਰਿਹਾ ਹੈ ਕਿ ਰਾਜਾ ਵੜਿੰਗ ਦਲਿਤ ਤੇ ਗ਼ਰੀਬ ਪਰਿਵਾਰ ਦੇ ਘਰ ਕਿਉਂ ਗਿਆ, ਕਿਉਂਕਿ ਜੇ ਗ਼ਰੀਬ ਪਰਿਵਾਰ ਇੱਕਜੁਟ ਹੋਏ ਤਾਂ ਇਨਕਲਾਬ ਆਏਗਾ। ਇਸ ਲਈ ਉਹ ਉਨ੍ਹਾਂ ਦੀਆਂ ਝੂਠੀਆਂ ਸ਼ਿਕਾਇਤਾਂ ਕਰ ਰਹੇ ਹਨ।


ਇਸ ਦੇ ਨਾਲ ਹੀ ਪਰਿਵਾਰ ਨੂੰ ਪੰਜ ਹਜ਼ਾਰ ਰੁਪਏ ਦੇਣ ਦੇ ਮੁੱਦੇ ਬਾਰੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਉਹ ਇੰਨੇ ਅਮੀਰ ਨਹੀਂ ਕਿ ਕਿਸੇ ਨੂੰ ਪੰਜ ਹਜ਼ਾਰ ਰੁਪਏ ਦੇ ਸਕਣ। ਇਸ ਬਾਰੇ ਉਹ ਚੋਣ ਕਮਿਸ਼ਨ ਨੂੰ ਆਪਣਾ ਬਿਆਨ ਦੇ ਚੁੱਕੇ ਹਨ। ਰਾਜਾ ਵੜਿੰਗ ਨੇ ਅੱਜ ਜ਼ਿਲ੍ਹਾ ਮਾਨਸਾ ਦੇ ਨੇੜਲੇ ਪਿੰਡ ਦਾ ਦੌਰਾ ਕੀਤਾ ਕੇ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਦੇਣ ਦੀ ਅਪੀਲ ਕੀਤੀ। ਲੋਕ ਸਭਾ ਚੋਣਾਂ ਨੇੜੇ ਆਉਣ ਕਰਕੇ ਉਨ੍ਹਾਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।

ਸੁਖਪਾਲ ਖਹਿਰਾ ਤੇ ਭਗਵੰਤ ਮਾਨ ਵੱਲੋਂ ਕਾਂਗਰਸ ਤੇ ਅਕਾਲੀ ਦਲ ਨੂੰ ਬਠਿੰਡਾ ਚੋਣਾਂ ਮਿਲ ਕੇ ਲੜਨ ਤੇ ਕਾਂਗਰਸ ਵੱਲੋਂ ਰਾਜਾ ਵੜਿੰਗ ਦੀ ਬਲੀ ਦੇਣ ਬਾਰੇ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਕੇਜਰੀਵਾਲ ਦਾ ਸਪਸ਼ਟੀਕਰਨ ਦੇਣ ਜਿਨ੍ਹਾਂ ਮਜੀਠੀਆ ਕੋਲੋਂ ਮੁਆਫ਼ੀ ਮੰਗੀ ਤੇ ਖਹਿਰਾ 4 ਵਾਰ ਪਾਰਟੀਆਂ ਬਦਲ ਚੁੱਕੇ ਹਨ, ਜਿਸ ਦਾ ਖਾਂਦੇ ਹਨ, ਉਸੇ ਖ਼ਿਲਾਫ਼ ਬੋਲਦੇ ਹਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦਾ ਘੱਟੋ-ਘੱਟ ਕੋਈ ਵਜੂਦ ਤਾਂ ਹੈ।