ਵਿਦਿਆਰਥਣ ਨਾਲ ਛੇੜਛਾੜ, ਸਕੂਲ 'ਚ ਹੰਗਾਮਾ
ਏਬੀਪੀ ਸਾਂਝਾ | 04 Nov 2016 06:54 PM (IST)
ਬਠਿੰਡਾ: ਰਾਮਪੁਰਾ ਦੇ ਸਕੂਲ ਵਿੱਚ ਇੱਕ ਅਧਿਆਪਕ 'ਤੇ ਵਿਦਿਆਰਥਣ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਹਨ। ਗੁੱਸੇ ਵਿੱਚ ਆਏ ਵਿਦਿਆਰਥਣ ਦੇ ਮਾਪਿਆਂ ਨੇ ਸਕੂਲ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਹਾਸਲ ਜਾਣਕਾਰੀ ਮੁਤਾਬਕ ਭਾਰਤੀ ਮਾਡਲ ਸਕੂਲ ਵਿੱਚ ਅਧਿਆਪਕ 'ਤੇ ਇਲਜ਼ਾਮ ਲੱਗੇ ਹਨ ਕਿ ਉਹ ਵਿਦਿਆਰਥਣ ਨਾਲ ਛੇੜਛਾੜ ਕਰਦਾ ਸੀ। ਵਿਦਿਆਰਥਣ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਬਦਨਾਮੀ ਦੇ ਡਰੋਂ ਕਿਸੇ ਨੂੰ ਕੁਝ ਨਹੀਂ ਦੱਸਿਆ। ਸ਼ੁੱਕਰਵਾਰ ਨੂੰ ਜਦ ਅਧਿਆਪਕ ਨੇ ਫਿਰ ਛੇੜਛਾੜ ਕੀਤੀ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਦੱਸ ਦਿੱਤਾ। ਲੜਕੀ ਦੇ ਮਾਪੇ ਅੱਜ ਸਕੂਲ ਪਹੁੰਚੇ ਤੇ ਉਨ੍ਹਾਂ ਨੇ ਪ੍ਰਿੰਸੀਪਲ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ। ਲੜਕੀ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਸਕੂਲ ਵਿੱਚ ਹੰਗਾਮਾ ਵੀ ਕੀਤਾ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਏਗੀ। ਦੂਜੇ ਪਾਸੇ ਸਕੂਲ ਕਮੇਟੀ ਦੇ ਜਨਰਲ ਸਕੱਤਰ ਨਰੇਸ਼ ਗੋਇਲ ਨੇ ਕਿਹਾ ਹੈ ਕਿ ਅਧਿਆਪਕ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।