ਬਠਿੰਡਾ: ਰੇਲਵੇ ਪੁਲਿਸ ਨੇ ਬਠਿੰਡਾ ਰੇਲਵੇ ਸਟੇਸ਼ਨ 'ਤੇ ਤਿੰਨ ਵਿਅਕਤੀਆਂ ਨੂੰ 70 ਲੱਖ ਦੀ ਰਾਸ਼ੀ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਲੋਕ ਦੈਨਿਕ ਐਕਸਪ੍ਰੈਸ ਟ੍ਰੇਨ ਰਾਹੀਂ ਦਿੱਲੀ ਤੋਂ ਬਠਿੰਡਾ ਆ ਰਹੇ ਸਨ।


ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਦਿੱਲੀ ਤੋਂ ਦੈਨਿਕ ਐਕਸਪ੍ਰੈਸ ਟ੍ਰੇਨ ਰਾਹੀਂ ਕਾਲਾ ਧਨ ਲੈ ਕੇ ਬਠਿੰਡਾ ਆ ਰਹੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ ਦਿੱਲੀ ਤੋਂ ਆਏ ਦੋਵਾਂ ਵਿਅਕਤੀਆਂ ਤੇ ਰਕਮ ਲੈਣ ਆਏ ਵਿਅਕਤੀ ਮਨੂੰ ਸ਼ਰਮਾ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਕੋਲੋਂ 70 ਲੱਖ ਦੀ ਨਕਦੀ ਬਰਾਮਦ ਕੀਤੀ ਹੈ।

ਪੈਸਾ ਲੈ ਕੇ ਆ ਰਹੇ ਪਵਨ ਕੁਮਾਰ ਤੇ ਰਾਧੇ ਸ਼ਿਆਮ ਦਿੱਲੀ ਦੇ ਵਾਸੀ ਹਨ। ਦੂਜੇ ਪਾਸੇ ਹਿਰਾਸਤ 'ਚ ਲਏ ਗਏ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਰਜਿੰਦਰ ਨਗਰ ਸਥਿਤ ਮੈਡੀਕਲ ਡਿਵਾਈਸਿਸ ਦਾ ਕਾਰੋਬਾਰ ਕਰਨ ਵਾਲੀ ਕੰਪਨੀ 'ਚ ਕੰਮ ਕਰਦੇ ਹਨ। ਉਨ੍ਹਾਂ ਦਾ ਸਾਰਾ ਪੈਸਾ ਇੱਕ ਨੰਬਰ 'ਚ ਹੈ।

ਉਹ ਦਿੱਲੀ ਵਿੱਚ ਪੈਸਾ ਜਮ੍ਹਾਂ ਨਾ ਹੋਣ ਕਾਰਨ ਬਠਿੰਡੇ ਵਿੱਚ ਜਮ੍ਹਾਂ ਕਰਵਾਉਣ ਆਏ ਸਨ। ਪੈਸਾ ਕਿੱਥੇਅਤੇ ਕਿਹੜੇ ਬੈਂਕ 'ਚ ਜਮ੍ਹਾਂ ਕਰਵਾਉਣਾ ਸੀ, ਇਸ ਬਾਰੇ ਦਿੱਤਾ ਜਵਾਬ ਕਾਰਨ ਸ਼ੱਕ ਹੋਰ ਵੀ ਗਹਿਰਾ ਹੋ ਗਿਆ ਹੈ। ਇਹ ਰਕਮ ਕਾਲਾ ਧਨ ਹੈ ਜਾਂ ਇੱਕ ਨੰਬਰ ਦੀ ਕਮਾਈ ਫਿਲਹਾਲ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।