Bathinda News : ਬਠਿੰਡਾ ਰੇਂਜ ਦੇ ਆਈ ਜੀ ਐਸ ਪੀ ਐਸ ਪਰਮਾਰ ਨੇ ਤਲਵੰਡੀ ਸਾਬੋ ਵਿਖੇ ਰਾਜ ਨਰਸਿੰਗ ਹੋਮ ਦੇ ਡਾ. ਦਿਨੇਸ਼ ਬਾਂਸਲ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਤੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਹਨ। ਬਠਿੰਡਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ IG ਜੋਨ ਬਠਿੰਡਾ ਨੇ ਦੱਸਿਆ ਕਿ ਡਾਕਟਰ ਦਿਨੇਸ਼ ਤੋਂ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।  ਡਾਕਟਰ ਵੱਲੋਂ ਫਿਰੌਤੀ ਨਾ ਦੇਣ ਕਾਰਨ ਆਰੋਪੀ ਨੇ ਹਸਪਤਾਲ ਵਿੱਚ ਦਾਖਲ ਹੋ ਕੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। 


ਉਨ੍ਹਾਂ ਦੱਸਿਆ ਕਿ ਪੁਲਿਸ ਕਥਿਤ ਆਰੋਪੀਆਂ ਦੀ ਭਾਲ ਕਰ ਰਹੀ ਸੀ ,ਜਿਸ ਦੌਰਾਨ ਪੁਲਿਸ ਆਰੋਪੀਆਂ ਕੋਲ ਪਿੰਡ ਗੁਰੂਸਰ ਜਗ੍ਹਾ ਨੇੜੇ ਪਹੁੰਚੀ ਤਾਂ ਆਰੋਪੀ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਇਕ ਕਥਿਤ ਆਰੋਪੀ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ   ਜ਼ਖ਼ਮੀ ਹੋ ਗਿਆ ,ਜਦੋਂਕਿ ਉਸ ਦੇ ਇੱਕ ਨਾਲਦੇ ਆਰੋਪੀ ਨੂੰ ਪੁਲਿਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ ਸੀ। ਇਸਦੇ ਨਾਲ ਨਾਲ ਪੁਲਿਸ ਨੇ ਮਾਮਲੇ ਦੀ ਪੜਤਾਲ ਨੂੰ ਅੱਗੇ ਵਧਾਉਂਦਿਆਂ ਇਸ ਮਾਮਲੇ ਵਿਚ 07 ਲੋਕਾਂ ਨੂੰ ਅਸਲਾ ਅਤੇ ਇਕ ਗੱਡੀ ਸਮੇਤ ਕਾਬੂ ਕੀਤਾ ਹੈ। 

 



ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦਾ ਮੁੱਖ ਕਥਿਤ ਆਰੋਪੀ ਗੈਗ਼ਸਟਰ ਮਨਪ੍ਰੀਤ ਸਿੰਘ ਮੰਨਾ ਦਾ ਨਜ਼ਦੀਕੀ ਰਿਸ਼ਤੇਦਾਰ ਪ੍ਰਦੀਪ ਸਿੰਘ ਸੰਧੂ ਨੇ ਇਸ ਨੂੰ ਅੰਜਾਮ ਦਿੱਤਾ ਸੀ। ਪੁਲਿਸ ਵੱਲੋਂ ਫੜੇ ਗਏ ਆਰੋਪੀਆਂ ਖਿਲਾਫ਼ ਪਹਿਲਾਂ ਵੀ ਸੰਗੀਨ ਮਾਮਲੇ ਦਰਜ ਹਨ। ਪੁਲਿਸ ਇਸ ਮਾਮਲੇ ਵਿਚ ਹੁਣ ਹੋਰ ਗਹਿਰਾਈ ਨਾਲ ਜਾਂਚ ਕਰ ਰਹੀ ਹੈ। 

 

ਇਹ ਵੀ ਪੜ੍ਹੋ : ਪਤੀ ਵੱਲੋਂ ਪਤਨੀ ਦੀ ਮਰਜ਼ੀ ਬਗ਼ੈਰ ਸਰੀਰਕ ਸਬੰਧ ਬਣਾਉਣਾ ਬਲਾਤਕਾਰ ? ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਤੋਂ ਜਵਾਬ

ਇੱਥੇ ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਵਿਖੇ ਪਹਿਲਾਂ ਵੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਵੱਲੋਂ ਫਿਰੌਤੀਆਂ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ ,ਜਿਸ ਵਿੱਚ ਅਨੇਕਾਂ ਖਿਲਾਫ਼ ਮਾਮਲਾ ਦਰਜ ਕਰਕੇ ਆਰੋਪੀਆਂ ਨੂੰ ਕਾਬੂ ਕੀਤਾ ਸੀ। ਉਸ ਤੋਂ ਬਾਅਦ ਫਿਰ ਫਿਰੌਤੀਆਂ ਦਾ ਮਾਮਲਾ ਸਾਹਮਣੇ ਆਉਣ 'ਤੇ ਤਲਵੰਡੀ ਸਾਬੋ ਸ਼ਹਿਰ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲਿਆ। ਪੁਲਿਸ ਨੇ ਆਰੋਪੀ ਪਾਸੋਂ ਬਾਰਾਂ ਬੋਰ ਦੇਸੀ ਪਿਸਟਲ ਸਮੇਤ ਚਾਰ ਖੋਲ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।