Nepal Plane Crash : ਰੈਸਕਿਊ ਆਪਰੇਸ਼ਨ ਟੀਮ ਦੇ ਮੁਖੀ ਮੁਤਾਬਕ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਨੇਪਾਲ ਫੌਜ ਦੇ ਬੁਲਾਰੇ ਕ੍ਰਿਸ਼ਨ ਪ੍ਰਸਾਦ ਭੰਡਾਰੀ ਨੇ ਦੱਸਿਆ ਕਿ ਜਹਾਜ਼ ਹਾਦਸੇ 'ਚ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਹੈ। ਜਹਾਜ਼ 'ਚ ਸਵਾਰ 72 ਲੋਕਾਂ 'ਚੋਂ 72 ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ 68 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।


ਨੇਪਾਲ ਜਹਾਜ਼ ਹਾਦਸੇ 'ਚ ਬਚਾਅ ਕਾਰਜ ਜਾਰੀ ਹੈ। ਇਸ ਵਿੱਚ ਵੱਡੀਆਂ ਮਸ਼ੀਨਾਂ ਦੀ ਮਦਦ ਲਈ ਗਈ ਹੈ। ਹੁਣ ਕਰੇਨ ਦੀ ਮਦਦ ਨਾਲ ਜਹਾਜ਼ ਦੇ ਪੂਰੇ ਢਾਂਚੇ ਨੂੰ ਹਟਾਇਆ ਜਾ ਰਿਹਾ ਹੈ। ਇਸ ਨੂੰ ਬਾਹਰ ਕੱਢਣ ਲਈ ਸਾਰੀਆਂ ਫੋਰਸਾਂ ਅਤੇ ਪੁਲਿਸ ਨੇ ਇਕੱਠੇ ਹੋ ਗਏ ਹਨ।ਪੋਖਰਾ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਵਾਰਸਾਂ ਨੂੰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਿਨ੍ਹਾਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ, ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਕਾਠਮੰਡੂ ਭੇਜਣ ਦੀ ਤਿਆਰੀ ਕਰ ਲਈ ਗਈ ਹੈ।


ਅੱਜ ਸਵੇਰੇ 9 ਵਜੇ ਲਾਸ਼ਾਂ ਦਾ ਪੋਸਟਮਾਰਟਮ ਸ਼ੁਰੂ ਕਰ ਦਿੱਤਾ ਗਿਆ। ਲਾਸ਼ਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਵਾਰਸਾਂ ਨੂੰ ਸੌਂਪਣ ਦਾ ਕੰਮ ਵੀ ਜਲਦੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀਆਂ ਸਮੇਤ ਵਿਦੇਸ਼ੀ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਕਾਠਮੰਡੂ ਲਿਆਂਦਾ ਜਾ ਰਿਹਾ ਹੈ ਕਿਉਂਕਿ ਜਿਨ੍ਹਾਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ, ਉਨ੍ਹਾਂ ਨੂੰ ਵੀ ਡੀਐਨਏ ਟੈਸਟ ਲਈ ਕਾਠਮੰਡੂ ਲਿਆਂਦਾ ਜਾਵੇਗਾ।

 

ਦੱਸ ਦੇਈਏ ਕਿ ਨੇਪਾਲ ਦੇ ਪੋਖਰਾ ਵਿੱਚ ਐਤਵਾਰ ਸਵੇਰੇ ਕਾਸਕੀ ਜ਼ਿਲ੍ਹੇ ਵਿੱਚ ਯਤੀ ਏਅਰਲਾਈਨਜ਼ ਦਾ ਏਟੀਆਰ-72 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਵਿੱਚ ਕੁੱਲ 72 ਲੋਕ ਸਵਾਰ ਸਨ। ਇਨ੍ਹਾਂ 'ਚੋਂ 68 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਪਰ ਚਾਰ ਲਾਸ਼ਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਚਾਰਾਂ ਲਾਸ਼ਾਂ ਨੂੰ ਲੱਭਣ ਲਈ ਅੱਜ (16 ਜਨਵਰੀ) ਨੂੰ ਮੁੜ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਜਹਾਜ਼ ਵਿੱਚ ਪੰਜ ਭਾਰਤੀ ਨਾਗਰਿਕ ਵੀ ਸਵਾਰ ਸਨ। ਇਨ੍ਹਾਂ ਵਿੱਚੋਂ ਚਾਰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਰਹਿਣ ਵਾਲੇ ਸਨ।