ਬਠਿੰਡਾ: ਤਲਵੰਡੀ ਸਾਹਬੋਂ ਪੁਲਿਸ ਨੇ ਹਰਿਆਣਾ ਦੇ ਕੈਥਲ ਨਿਵਾਸੀ ਦੋ ਨੌਜਵਾਨਾਂ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਹਬੋਂ ਵਿੱਚ ਬੀਏ ਦੀਆਂ ਫਰਜ਼ੀ ਡਿਗਰੀਆਂ ਤੇ ਸਰਟੀਫਿਕੇਟ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਿਖਾ ਕੇ ਧੋਖੇ ਨਾਲ ਯੂਨੀਵਰਸਿਟੀ ਤੋਂ ਅਸਲੀ ਡਿਗਰੀਆਂ ਦੀ ਕਾਪੀ ਜਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸੇ ਇਲਜ਼ਾਮ ਤਹਿਤ ਯੂਨੀਵਰਸਿਟੀ ਪ੍ਰਬੰਧਕਾਂ ਨੇ ਦੋਵਾਂ ਉਕਤ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।


ਮੁਲਜ਼ਮਾਂ ਦੀ ਪਛਾਣ ਅਕਸ਼ੈ ਕੁਮਾਰ ਤੇ ਨਸੀਬ ਸਿੰਘ ਵਾਸੀਆਨ ਘੁਲਿਆਣਾ ਜ਼ਿਲ੍ਹਾ ਕੈਥਲ ਵਜੋਂ ਹੋਈ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਦੋਵਾਂ ਨੂੰ ਰਿਮਾਂਡ ’ਤੇ ਲੈ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਬਾਅਦ ਹਰਿਆਣਾ ਵਿੱਚ ਚੱਲ ਰਹੇ ਫਰਜ਼ੀ ਡਿਗਰੀਆਂ ਜਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਹੋਣ ਦੀ ਸੰਭਵਨਾ ਹੈ।

ਯੂਨੀਵਰਸਿਟੀ ਨਿਰਦੇਸ਼ਕ ਰਜਿਸਟਰਾਰ ਅਮਿਤ ਫੁਟੇਜਾ ਨੇ ਪੁਲਿਸ ਨੂੰ ਦੱਸਿਆ ਕਿ ਨੌਜਵਾਨਾਂ ਵੱਲੋਂ ਦਿਖਾਈ ਫਰਜ਼ੀ ਡਿਗਰੀ ਵਿੱਚ ਉਹ ਕੋਰਸ ਵੀ ਲਿਖੇ ਹੋਏ ਸੀ ਜੋ ਯੂਨੀਵਰਸਿਟੀ ਵਿੱਚ ਕਰਵਾਏ ਹੀ ਨਹੀਂ ਜਾਂਦੇ। ਤਲਵੰਡੀ ਸਾਹਬੋਂ ਪੁਲਿਸ ਨੇ ਯੂਨੀਵਰਸਿਟੀ ਰਜਿਸਟਰਾਰ ਦੇ ਬਿਆਨਾਂ ’ਤੇ ਦੋਵਾਂ ਖਿਲਾਫ ਧਾਰਾ 420, 465, 467 ਤੇ 471 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਇਨ੍ਹਾਂ ਦੇ ਆਧਾਰ ਤੇ ਵੋਟਰ ਕਾਰਡ ’ਤੇ ਵੀ ਸ਼ੱਕ ਹੈ।