ਲਾਹੌਰ: ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨੂੰ ਉਸੇ ਤਰ੍ਹਾਂ ਰੱਖਣ ਲਈ ਪੰਜਾਬ ਵਿਧਾਨ ਸਭਾ ਦੀ ਮੈਂਬਰ ਨੇ ਆਵਾਜ਼ ਬੁਲੰਦ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਹਿਰੀਕੇ-ਏ-ਇਨਸਾਫ਼ ਪਾਰਟੀ ਨਾਲ ਸਬੰਧਤ ਲਹਿੰਦੇ ਪੰਜਾਬ ਦੇ ਸਿਆਲਕੋਟ ਤੋਂ ਅਸੈਂਬਲੀ ਮੈਂਬਰ ਮੋਮਨਾ ਵਾਹਿਦ ਨੇ ਆਪਣਾ ਮਤਾ ਜਮ੍ਹਾ ਕਰਵਾ ਦਿੱਤਾ ਹੈ, ਜਿਸ 'ਤੇ ਅਗਲੇ ਇਜਲਾਸ ਦੌਰਾਨ ਬਹਿਸ ਹੋਣ ਦੀ ਸੰਭਾਵਨਾ ਹੈ।
ਮੋਮਨਾ ਵਾਹਿਦ ਨੇ ਆਪਣੇ ਮਤੇ ਵਿੱਚ ਦੋ ਸੁਝਾਅ ਪੇਸ਼ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਗਲਿਆਰੇ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਵੱਡੀ ਪੱਧਰ 'ਤੇ ਉਸਾਰੀ ਕੀਤੇ ਜਾਣ ਦੀ ਤਜਵੀਜ਼ ਹੈ। ਵਾਹਿਦ ਨੇ ਤਰਕ ਦਿੱਤਾ ਕਿ ਇਸ ਕਾਰਨ ਗੁਰੂ ਨਾਨਕ ਦੇਵ ਜੀ ਦੇ ਵਿਰਾਸਤੀ ਖੇਤ ਪ੍ਰਭਾਵਿਤ ਹੋਣਗੇ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਉਸਾਰੀ ਬਾਬਾ ਜੀ ਦੇ ਖੇਤਾਂ ਤੋਂ ਦੂਰ ਕਰਵਾਈ ਜਾਵੇ।
ਐਮਪੀਏ ਮੋਮਨਾ ਵਾਹਿਦ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿੱਥੇ 18 ਸਾਲਾਂ ਤਕ ਆਪ ਹਲ਼ ਵਾਹ ਕੇ ਅਨਾਜ ਪੈਦਾ ਕੀਤਾ ਸੀ, ਉੱਥੇ ਅੱਜ ਵੀ ਅਨਾਜ ਪੈਦਾ ਕੀਤਾ ਜਾਵੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਉੱਥੇ ਉਗਾਈਆਂ ਫ਼ਸਲਾਂ ਤੇ ਅਨਾਜ ਦਾ ਲੰਗਰ ਛਕਾਇਆ ਜਾਵੇ। ਮੋਮਨਾ ਨੇ ਬੀਤੇ ਦਿਨੀਂ ਆਪਣੇ ਮਤੇ ਪੰਜਾਬ ਅਸੈਂਬਲੀ ਨੂੰ ਭੇਜੇ ਹਨ ਅਤੇ ਹੁਣ ਅਗਲੇ ਇਜਲਾਸ ਦੌਰਾਨ ਉਨ੍ਹਾਂ ਨੂੰ ਵਿਚਾਰਿਆ ਜਾ ਸਕਦਾ ਹੈ।
ਇਤਿਹਾਸ ਅਨੁਸਾਰ ਤਤਕਾਲੀ ਗਵਰਨਰ ਦੁਨੀ ਚੰਦ ਨੇ ਗੁਰੂ ਨਾਨਕ ਦੇਵ ਜੀ ਨੂੰ 100 ਏਕੜ ਜ਼ਮੀਨ ਭੇਟ ਕੀਤੀ ਸੀ, ਜਿੱਥੇ ਉਨ੍ਹਾਂ ਕਰਤਾਰਪੁਰ ਸਾਹਿਬ ਨਗਰ ਵਸਾਇਆ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਨੀਂਹ 1515 ਈਸਵੀ ਵਿੱਚ ਰੱਖਿਆ। ਬਾਬਾ ਜੀ ਨੇ ਇੱਥੇ ਆਪਣੀ ਕੁਟੀਆ ਬਣਾਈ ਅਤੇ ਇੱਥੇ ਹੱਥੀਂ ਖੇਤੀ ਕਰਨੀ ਸ਼ੁਰੂ ਕੀਤੀ। ਇਸੇ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਿੱਖਾਂ ਦਾ ਪਹਿਲਾ ਕੇਂਦਰ ਸਥਾਪਤ ਹੋ ਗਿਆ।