ਚੰਡੀਗੜ੍ਹ: ਬਠਿੰਡਾ ਵਿੱਚ ਵਾਪਰੀ ਬਲਾਤਕਾਰ ਦੀ ਘਟਨਾ ਬਾਰੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਹਰਸਿਮਰਤ ਬਾਦਲ ਨੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੇ ਕਰੀਬੀ 'ਤੇ ਬਲਾਤਕਾਰ ਦੇ ਇਲਜ਼ਾਮ ਲਾਏ। ਉਨ੍ਹਾਂ ਦੱਸਿਆ ਕਿ 10 ਤੋਂ 15 ਜਣੇ ਰੇਪ ਕੇਸ ਵਿੱਚ ਸ਼ਾਮਲ ਸਨ ਤੇ 5 ਤੋਂ 6 ਜਣਿਆਂ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਅੱਜ ਤਕ ਪੁਲਿਸ ਮੁਲਜ਼ਮਾਂ ਨੂੰ ਨਹੀਂ ਫੜ ਰਹੀ। ਉਨ੍ਹਾਂ ਕਿਹਾ ਕਿ ਮਾਮਲੇ ਦਾ ਪਰਮਿੰਦਰ ਸਿੰਘ ਨਾਂ ਦਾ ਮੁਲਜ਼ਮ ਹੈ ਜੋ ਹਾਲੇ ਵੀ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਹੈ।


ਹਰਸਿਮਰਤ ਬਾਦਲ ਨੇ ਪੁਲਿਸ ਨੂੰ ਕਾਰਵਾਈ 24 ਘੰਟਿਆਂ ਦਾ ਸਮਾਂ ਦਿੱਤਾ ਹੈ, ਨਹੀਂ ਤਾਂ ਅਕਾਲੀ ਦਲ ਪੀੜਤ ਪਰਿਵਾਰ ਦੇ ਹੱਕ ਵਿੱਚ ਮੈਦਾਨ 'ਚ ਉੱਤਰੇਗਾ। ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ ਤਾਂ ਉਹ ਹਾਈਕੋਰਟ ਜਾਣਗੇ। ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਪਰਚਾ ਦਰਜ ਕੀਤਾ ਗਿਆ ਸੀ ਪਰ ਪੀੜਤ ਪਰਿਵਾਰ ਨੂੰ ਹਾਲੇ ਤਕ ਇਨਸਾਫ ਨਹੀਂ ਮਿਲਿਆ। ਪੁਲਿਸ ਨੇ ਮੈਡੀਕਲ ਰਿਪੋਰਟ ਦੇ ਬਾਅਦ ਵੀ ਮੁਲਜ਼ਮਾਂ ਨੂੰ ਫੜ ਕੇ 3 ਘੰਟਿਆਂ ਮਗਰੋਂ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਪੂਰਾ ਮਾਮਲਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਬਠਿੰਡਾ ਦੇ ਐਸਐਸਪੀ ਦੇ ਵੀ ਧਿਆਨ ਵਿੱਚ ਹੈ।

ਇਸ ਦੌਰਾਨ ਪੀੜਤ ਲੜਕੀ ਦੇ ਨਾਨਾ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਮੁਲਜ਼ਮ ਨੂੰ ਫੜ ਲਿਆ ਸੀ ਪਰ ਕੁਝ ਘੰਟੇ ਬਾਅਦ ਛੱਡ ਦਿੱਤਾ। ਹਾਲਾਂਕਿ ਮੁਲਜ਼ਮ ਖਿਲਾਫ ਮਾਮਲਾ ਦਰਜ ਸੀ ਪਰ ਐਸਐਸਪੀ ਨੂੰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਫੋਨ ਆ ਗਿਆ, ਇਸ ਲਈ ਉਨ੍ਹਾਂ ਮੁਲਜ਼ਮ ਛੱਡ ਦਿੱਤਾ। ਇਸ 'ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਪੁਲਿਸ ਦਾ ਸਿਆਸੀਕਰਨ ਹੋ ਰਿਹਾ ਹੈ।

ਇਸ ਸਬੰਧੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਐਸਐਸਪੀ ਉਹੀ ਕੰਮ ਕਰਦਾ ਹੈ ਜੋ ਅਮਰਿੰਦਰ ਰਾਜਾ ਵੜਿੰਗ ਜਾਂ ਮਨਪ੍ਰੀਤ ਬਾਦਲ ਕਰਨ ਨੂੰ ਕਹਿੰਦੇ ਹਨ। ਉਨ੍ਹਾਂ ਦੱਸਿਆ ਕਿ ਐਸਐਸਪੀ ਨੇ ਉਨ੍ਹਾਂ ਨੂੰ ਆਪਣੇ ਦਫ਼ਤਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ।

ਹਰਸਿਮਰਤ ਨੇ ਕਿਹਾ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਮੁਲਜ਼ਮਾਂ ਦਾ ਬਚਾਅ ਕਰ ਰਹੇ ਹਨ ਕਿਉਂਕਿ ਮੁਲਜ਼ਮ ਇਨ੍ਹਾਂ ਦੇ ਰਿਸ਼ਤੇਦਾਰ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿੱਚ ਨਿਰਭਇਆ ਸੈਂਟਰ ਖੁੱਲ੍ਹ ਹੋਇਆ ਹੈ ਜਿੱਥੇ ਬਲਾਤਕਾਰ ਪੀੜਤ ਲੜਕੀਆਂ ਦੀ ਆਵਾਜ਼ ਸੁਣੀ ਜਾਂਦੀ ਹੈ ਪਰ ਇਸ ਬਾਰੇ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਤੇ ਨਾ ਹੀ ਪੁਲਿਸ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।