ਬਠਿੰਡਾ: ਰਾਮਾ ਮੰਡੀ ਦੇ ਪਿੰਡ ਬੰਗੀ ਦੀਪਾ ਤੋਂ ਦਿਲ ਦਿਹਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸ਼ਖਸ ਨੇ ਆਪਣੀ ਮਤਰਈ ਧੀ ਦਾ ਪਹਿਲਾਂ ਗਲ਼ ਘੁੱਟ ਕੇ ਕਤਲ ਕਰ ਦਿੱਤਾ ਤੇ ਮਗਰੋਂ ਉਸ ਦੀ ਲਾਸ਼ ਛੱਪੜ ਵਿੱਚ ਸੁੱਟ ਦਿੱਤੀ। ਇਸ ਤੋਂ ਪਹਿਲਾਂ ਉਸ ਨੇ ਆਪ ਹੀ ਪੁਲਿਸ ਨੂੰ ਜਾ ਕੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਧੀ ਨੂੰ ਕਿਸੇ ਨੇ ਅਗਵਾਹ ਕਰ ਲਿਆ ਹੈ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ। ਮੁਲਜ਼ਮ ਸੰਦੀਪ ਸਿੰਘ ਦਾ ਦੂਜਾ ਵਿਆਹ ਹੋਇਆ ਸੀ। 5 ਸਾਲਾਂ ਦੀ ਮਾਸੂਮ ਬੱਚੀ ਉਸ ਦੀ ਦੂਜੀ ਪਤਨੀ ਨਾਲ ਆਈ ਸੀ। ਉਹ ਪਹਿਲਾਂ ਹੀ ਕਹਿੰਦਾ ਸੀ ਕਿ ਉਹ ਕੁੜੀ ਮਾਰ ਦਏਗਾ। ਰਾਤ ਨੂੰ ਸ਼ਰਾਬ ਪੀ ਕੇ ਉਸ ਨੇ ਆਪਣੀ ਮਤਰਈ ਧੀ ਦਾ ਗਲ਼ ਘੁੱਟ ਦਿੱਤਾ ਤੇ ਲਾਸ਼ ਛੱਪੜ ਵਿੱਚ ਸੁੱਟ ਦਿੱਤੀ। ਪੁਲਿਸ ਨੇ ਜਦੋਂ ਸਖ਼ਤੀ ਨਾਲ ਉਸ ਕੋਲੋਂ ਪੁੱਛਗੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਮਗਰੋਂ ਪੁਲਿਸ ਨੇ ਬੱਚੀ ਦੀ ਲਾਸ਼ ਵੀ ਬਰਾਮਦ ਕਰ ਲਈ। ਫਿਲਹਾਲ ਪੁਲਿਸ ਨੇ ਮੁਲਜ਼ਮ ਸਨਦੀਪ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।