ਲੁਧਿਆਣਾ: ਲੁਧਿਆਣਾ ਦੇ ਪੌਸ਼ ਇਲਾਕੇ ਸਰਾਭਾ ਨਗਰ ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਬੱਚਿਆਂ ਨਾਲ ਕਰੋੜਾਂ ਰੁਪਇਆਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਵੱਲੋਂ ਕਰੀਬ 148 ਵਿਦਿਆਰਥੀਆਂ ਨੂੰ ਅਮਰੀਕਾ ਦੇ NASA ਲੈ ਕੇ ਜਾਣ ਦੇ ਟੂਰ ਲਈ ਉਨ੍ਹਾਂ ਕੋਲੋਂ 2,80,000 ਰੁਪਏ ਲਏ ਗਏ ਪਰ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਤੇ ਇਸ ਤੋਂ ਬਾਅਦ ਵੀ ਸਕੂਲ ਨੇ ਵਿਦਿਆਰਥੀਆਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ। ਉਸ ਘਪਲੇ ਵਿੱਚ ਟਰੈਵਲ ਏਜੰਟ ਵੀ ਮਿਲੇ ਹੋਏ ਹਨ। ਇਸ 'ਤੇ ਬੱਚਿਆਂ ਦੇ ਮਾਪਿਆਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਾਈ ਹੈ।
ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਨਾਸਾ ਭੇਜਣ ਦੇ ਨਾਂ 'ਤੇ 2,80,000 ਰੁਪਏ ਲਏ ਗਏ। ਇਸ ਰਕਮ ਵਿੱਚੋਂ 2 ਲੱਖ ਰੁਪਏ ਟਰੈਵਲ ਏਜੰਟ ਨੂੰ ਦਿੱਤੇ ਗਏ ਜਦਕਿ 80 ਹਜ਼ਾਰ ਰੁਪਏ ਸਕੂਲ ਪ੍ਰਸ਼ਾਸਨ ਵੱਲੋਂ ਲਏ ਗਏ ਹਨ। ਹੁਣ ਸਾਰੇ 148 ਬੱਚਿਆਂ ਦੇ ਵੀਜ਼ੇ ਰੱਦ ਹੋ ਗਏ ਹਨ। ਮਾਪਿਆਂ ਨੇ ਸਕੂਲ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਪਰ ਕੋਈ ਸੁਣਵਾਈ ਨਹੀਂ ਹੋਈ।
ਇਸ ਪਿੱਛੋਂ ਮਾਪਿਆਂ ਨੇ ਲੁਧਿਆਣਾ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਸਕੂਲ ਵੱਲੋਂ ਪੈਸੇ ਵਾਪਸ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਵੱਡੇ ਪੱਧਰ 'ਤੇ ਠੱਗੀ ਕੀਤੀ ਗਈ ਹੈ। ਦੂਜੇ ਪਾਸੇ ਏਡੀਸੀਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਏਗੀ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਏਗੀ।