ਗੁਰੂ ਨਾਨਕ ਤਾਪ ਬਿਜਲੀ ਘਰ ਯਾਨੀ ਬਠਿੰਡਾ ਦਾ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਤੇ ਵਿੱਤ ਮੰਤਰੀ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਦੇ ਹਿੱਤ ਲਈ ਬਠਿੰਡਾ ਥਰਮਲ ਬੰਦ ਕਰਨਾ ਪੈ ਰਿਹਾ ਹੈ। ਮੰਤਰੀ ਨੇ ਕਿਹਾ ਕਿ ਇਹ ਥਰਮਲ ਮਹਿੰਗੇ ਭਾਅ ਬਿਜਲੀ ਪੈਦਾ ਕਰਦਾ ਸੀ।
ਹਾਲਾਂਕਿ, ਮੁਲਾਜ਼ਮਾਂ ਨੇ ਮਨਪ੍ਰੀਤ ਦੇ ਤਰਕ ਨੂੰ ਝੂਠਾ ਕਰਾਰ ਦੇ ਦਿੱਤਾ ਹੈ ਤੇ ਥਰਮਲ ਮੁੱਦੇ 'ਤੇ ਮਨਪ੍ਰੀਤ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੈ। ਮੁਲਾਜ਼ਮਾਂ ਨੇ ਦਾਅਵਾ ਕੀਤਾ, "ਸਾਡੇ ਹਵਾਲੇ ਕੀਤਾ ਜਾਵੇ ਥਰਮਲ ਤੇ ਅਸੀਂ ਸਰਕਾਰ ਨੂੰ ਦਿਆਂਗੇ ਸਾਢੇ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ..!"
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਥਰਮਲ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਛੇੜਿਆ ਹੋਇਆ ਹੈ। ਇਸ ਬਾਰੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਰਕਾਰ ਦੇ ਇਸ ਫੈਸਲੇ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਤਰਕ ਦਿੱਤਾ ਹੈ ਕਿ ਇਹ ਫੈਸਲਾ ਕਾਫੀ ਸੋਚ ਵਿਚਾਰ ਤੋਂ ਬਾਅਦ ਲਿਆ ਗਿਆ ਹੈ ਅਤੇ ਇਸ ਥਰਮਲ ਪਲਾਂਟ ਦੀ ਮਸ਼ੀਨਰੀ ਪੁਰਾਣੀ ਹੋ ਚੁੱਕੀ ਸੀ ਅਤੇ ਇਸ ਨੂੰ ਚਾਲੂ ਰੱਖਣ ਤੇ ਕਰੋੜਾਂ ਰੁਪਏ ਖ਼ਰਚਣੇ ਪੈ ਰਹੇ ਸਨ ਅਤੇ ਇਸ ਥਰਮਲ ਪਲਾਂਟ ਤੋਂ ਪੈਦਾ ਹੋਈ ਬਿਜਲੀ ਤੇ ਸਾਡੇ ਗਿਆਰਾਂ ਰੁਪਏ ਪ੍ਰਤੀ ਯੂਨਿਟ ਖ਼ਰਚ ਆਉਂਦਾ ਸੀ।
ਦੂਜੇ ਪਾਸੇ ਥਰਮਲ ਮੁਲਾਜ਼ਮਾਂ ਨੇ ਮਨਪ੍ਰੀਤ ਦੇ ਇਸ ਸਵਾਲ 'ਤੇ ਜਵਾਬ ਦਿੰਦਿਆਂ ਕਿਹਾ ਕਿ ਮਨਪ੍ਰੀਤ ਝੂਠ ਬੋਲ ਰਿਹਾ ਹੈ ਮੁਲਾਜ਼ਮਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਇਸ ਥਰਮਲ 'ਤੇ ਆਉਂਦੇ ਖ਼ਰਚ ਬਾਰੇ ਉਨ੍ਹਾਂ ਨਾਲ ਕਿਤੇ ਵੀ ਖੁੱਲ੍ਹੀ ਬਹਿਸ ਕਰ ਲਵੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਤਨਖ਼ਾਹ ਨਹੀਂ ਮੰਗਦੇ ਥਰਮਲ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਉਹ ਖੁਦ ਬਿਜਲੀ ਪੈਦਾ ਕਰਕੇ ਸਰਕਾਰ ਨੂੰ ਸਾਢੇ ਪੰਜ ਰੁਪਏ ਪ੍ਰਤੀ ਯੂਨਿਟ ਦੇ ਸਕਦੇ ਹਨ।
ਉਧਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਥਰਮਲ ਮੁਲਾਜ਼ਮਾਂ ਵੱਲੋਂ ਦੂਜੇ ਦਿਨ ਵੀ ਥਰਮਲ ਦੇ ਗੇਟ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਦੇ ਰਹੇ। ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਕਿਹਾ ਕਿ ਉਹ ਕੱਲ੍ਹ ਨੂੰ ਵੀਹ ਦੇ ਕਰੀਬ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਮਨਪ੍ਰੀਤ ਬਾਦਲ ਦੇ ਦਫ਼ਤਰ ਦੇ ਬਾਹਰ ਵੱਡਾ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਨ।