ਚੰਡੀਗੜ੍ਹ : ਸੰਘਣੀ ਧੁੰਦ ਕਾਰਨ ਕੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਕੋਲੋਂ ਲੰਘਦੇ ਕੌਮੀ ਸ਼ਾਹਰਾਹ ਨੰਬਰ ਇਕ ਤੇ ਹੋਰ ਸੜਕਾਂ ਉਤੇ ਕਈ ਥਾਈਂ ਇਕ ਤੋਂ ਬਾਅਦ ਇਕ ਕਰ ਕੇ ਦੋ ਦਰਜਨ ਦੇ ਕਰੀਬ ਵਾਹਨ ਆਪਸ ਵਿਚ ਟਕਰਾ ਗਏ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਧੀ ਦਰਜਨ ਦੇ ਕਰੀਬ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸਨਸਿਟੀ ਹੁਸ਼ਿਆਰਪੁਰ ਵਸਨੀਕ ਅਨਿਲ ਕੁਮਾਰ ਪੁੱਤਰ ਸੰਸਾਰੀ ਰਾਮ ਆਪਣੇ ਪਰਿਵਾਰ ਨਾਲ ਦਿੱਲੀ ਤੋਂ ਹੁਸ਼ਿਆਰਪੁਰ ਪਰਤ ਰਿਹਾ ਸੀ। ਜਦੋਂ ਉਹ ਓਵਰਬ੍ਰਿਜ ਨਜ਼ਦੀਕ ਖ਼ਾਨਪੁਰ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਅੱਗੇ ਖੜੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਅਨਿਲ ਕੁਮਾਰ ਦੀ ਮੌਤ ਹੋ ਗਈ। ਹਾਦਸੇ ਵਿੱਚ ਉਸ ਦਾ ਬੇਟਾ ਕਪਿਲ ਰਾਜੂ ਅਤੇ ਨੂੰਹ ਰਮਨ ਦੱਤਾ ਜ਼ਖਮੀ ਹੋ ਗਏ। ਇਸੇ ਤਰ੍ਹਾਂ ਮਲਕਪੁਰ ਚਨਾਲੋਂ ਨਜ਼ਦੀਕ ਅੱਗੇ ਜਾ ਰਹੇ ਟਰੱਕ ਨਾਲ ਗੱਡੀਆਂ ਟਕਰਾ ਗਈਆਂ, ਜਿਸ ਕਾਰਨ ਇਕ ਇਨੋਵਾ (ਡੀਸੀਜੇ ਵਾਈਸੀ 3969) ਨੁਕਸਾਨੀ ਗਈ।
ਇਕ ਹਾਦਸਾ ਸਰਹਿੰਦ ਸ਼ਹਿਰ ਲੰਘ ਕੇ ‘ਦੈਨਿਕ ਭਾਸਕਰ’ ਦੇ ਦਫ਼ਤਰ ਨਜ਼ਦੀਕ ਵਾਪਰਿਆ, ਜਿਸ ਵਿਚ ਪੰਜ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਸਰਹਿੰਦ-ਪਟਿਆਲਾ ਮਾਰਗ ਨਜ਼ਦੀਕ ਪਿੰਡ ਆਦਮਪੁਰ ਕੋਲ ਨਹਿਰ ਦੇ ਪੁਲ ’ਤੇ ਇਕ ਬੱਸ ਤੇ ਕੈਂਟਰ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਸਵਾਰੀਆਂ ਵਾਲ-ਵਾਲ ਬਚ ਗਈਆਂ। ਸਾਧੂਗੜ੍ਹ ਨਜ਼ਦੀਕ ਵਾਪਰੇ ਹਾਦਸੇ ’ਚ 9 ਗੱਡੀਆਂ ਆਪਸ ਵਿਚ ਭਿੜ ਗਈਆ। ਸ਼ੇਰ ਸ਼ਾਹ ਸੂਰੀ ਮਾਰਗ ਨਜ਼ਦੀਕ ਮੁਲਤਾਨੀ ਢਾਬੇ ਦੇ ਕੋਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਟਰੱਕ ਨਾਲ ਟਕਰਾ ਕੇ ਗੰਭੀਰ ਜ਼ਖ਼ਮੀ ਹੋ ਗਿਆ।
ਘਨੌਲੀ ਨੇੜੇ ਇੱਥੇ ਕੌਮੀ ਸ਼ਾਹਰਾਹ 205 ’ਤੇ ਅੱਜ ਦੇਰ ਸ਼ਾਮ ਘਨੌਲੀ ਬੱਸ ਸਟੈਂਡ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਸਫੈਦੇ ਦੇ ਦਰੱਖ਼ਤ ਨਾਲ ਜਾ ਟਕਰਾਈ, ਜਿਸ ਦੌਰਾਨ ਕਾਰ ਸਵਾਰ ਤਿੰਨੋਂ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪੁਲੀਸ ਨੇ ਸਿਵਲ ਹਸਪਤਾਲ ਰੂਪਨਗਰ ਦਾਖਲ ਕਰਵਾਇਆ ਹੈ।