ਬਠਿੰਡਾ: ਸ਼ਹਿਰ ਵਿੱਚ ਅੱਜ 26 ਸਾਲਾ ਲੜਕੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਮਹਿਲਾ ਨੇ ਫਾਹਾ ਲਿਆ ਹੈ। ਉਸ ਦੀ ਲਾਸ਼ ਨੂੰ ਬਠਿੰਡਾ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਰੂਬੀ ਦਾ ਬਠਿੰਡਾ ਦੀ ਗਣੇਸ਼ਾ ਬਸਤੀ ਵਿੱਚ ਪੁਨੀਤ ਗਰਗ ਨਾਂ ਦੇ ਲੜਕੇ ਨਾਲ ਵਿਆਹ ਹੋਇਆ ਸੀ। ਵਿਆਹ ਮਗਰੋਂ ਲੜਕਾ ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ। ਸਹੁਰਾ ਪਰਿਵਾਰ ਵੀ ਦਾਜ ਦੀ ਮੰਗ ਕਰਦਾ ਸੀ। ਕਈ ਵਾਰ ਲੜਕੀ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਪਰਿਵਾਰ ਨੇ ਲੜਕੇ ਤੇ ਉਸ ਦੇ ਪਰਿਵਾਰ 'ਤੇ ਰੂਬੀ ਦੇ ਕਤਲ ਦੇ ਇਲਜ਼ਾਮ ਲਾਏ ਹਨ। ਪਰਿਵਾਰ ਨੇ ਦੱਸਿਆ ਕਿ ਅੱਜ ਹੀ ਲੜਕੀ ਦੇ ਵਿਆਹ ਦੀ ਵਰ੍ਹੇਗੰਢ ਸੀ। ਉਸ ਦਾ ਇੱਕ ਬੱਚਾ ਵੀ ਹੈ। ਲੜਕੀ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਰੇ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ।