ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਤੇ ਦਿਹਾਤੀ ਵਿਕਾਸ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਅਜਿਹਾ ਕੋਈ ਵੀ ਵਿਗਿਆਨਕ ਸਬੂਤ ਮੌਜੂਦ ਨਹੀਂ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਫ਼ਸਲਾਂ 'ਤੇ ਰਸਾਇਣਕ ਖਾਦਾਂ ਦੀ ਵਰਤੋਂ ਕਰਕੇ ਕੈਂਸਰ ਫੈਲਦਾ ਹੈ।



ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸਵਾਲ ਦਾ ਜਵਾਬ ਦਿੰਦਿਆਂ ਲੋਕ ਸਭਾ ਵਿੱਚ ਤੋਮਰ ਨੇ ਕਿਹਾ ਕਿ ਭਾਰਤੀ ਖੇਤੀ ਖੋਜ ਕੌਂਸਲ ਦੀ ਰਿਪੋਰਟ ਮੁਤਾਬਕ ਹਾਲੇ ਤਕ ਅਜਿਹਾ ਕੋਈ ਵੀ ਸਬੂਤ ਮੌਜੂਦ ਨਹੀਂ ਹੈ ਕਿ ਰਸਾਇਣਾਂ ਦੀ ਵਰਤੋਂ ਨਾਲ ਕੈਂਸਰ ਫੈਲਦਾ ਹੈ। ਮੰਤਰੀ ਨੇ ਕਿਹਾ ਕਿ ਕੈਮੀਕਲ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਜੇਕਰ ਸਹੀ ਸਮੇਂ ਤੇ ਸਹੀ ਮਿਕਦਾਰ ਵਿੱਚ ਕੀਤੀ ਜਾਵੇ ਤਾਂ ਇਸ ਨਾਲ ਬਿਨਾਂ ਕਿਸੇ ਨੁਕਸਾਨ ਦੇ ਚੰਗੀ ਪੈਦਾਵਾਰ ਹਾਸਲ ਕੀਤੀ ਜਾ ਸਕਦੀ ਹੈ।



ਬਿੱਟੂ ਨੇ ਇਹ ਸਵਾਲ ਪੰਜਾਬ ਵਿੱਚ ਫੈਲ ਰਹੇ ਕੈਂਸਰ ਤੇ ਇਸ ਦੇ ਸੰਭਾਵਿਤ ਕਾਰਨਾਂ ਦੇ ਸੰਦਰਭ ਵਿੱਚ ਪੁੱਛਿਆ ਸੀ। ਐਮਪੀ ਨੇ ਕਿਹਾ ਸੀ ਕਿ ਪੰਜਾਬ ਦੇ ਪਾਣੀ ਵਿੱਚ ਆਰਸੈਨਿਕ ਜਿਹੇ ਖ਼ਤਰਨਾਕ ਕੈਮੀਕਲ ਵੀ ਪਾਏ ਜਾਂਦੇ ਹਨ ਤੇ ਇਹ ਹੁਣ ਭੋਜਨ ਲੜੀ (ਫੂਡ ਚੇਨ) ਵਿੱਚ ਵੀ ਦਾਖ਼ਲ ਹੋ ਚੁੱਕਿਆ ਹੈ। ਇਸ 'ਤੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਪਰਸ਼ੋਤਮ ਰੁਪਾਲਾ ਨੇ ਕਿਹਾ ਕਿ ਪੰਜਾਬ ਨੇ ਹਾਲੇ ਤਕ ਕੇਂਦਰ ਦੀ ਆਯੁਸ਼ਮਾਨ ਭਾਰਤ ਸਕੀਮ ਨੂੰ ਪ੍ਰਵਾਨ ਨਹੀਂ ਕੀਤਾ ਹੈ। ਉਨ੍ਹਾਂ ਬਿੱਟੂ ਨੂੰ ਸਲਾਹ ਦਿੱਤੀ ਕਿ ਜੇਕਰ ਤੁਸੀਂ ਕੈਂਸਰ ਦੇ ਮਰੀਜ਼ਾਂ ਦੀ ਮਦਦ ਕਰਨੀ ਹੈ, ਤਾਂ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ।



ਇਸ ਮਾਮਲੇ 'ਤੇ ਪੀਜੀਆਈ ਚੰਡੀਗੜ੍ਹ ਦੇ ਪ੍ਰੋ. ਜੇ.ਐਸ. ਠਾਕੁਰ ਦਾ ਕਹਿਣਾ ਹੈ ਕਿ ਛੇ ਮਹੀਨੇ ਪਹਿਲਾਂ ਪੰਜਾਬ ਵਿੱਚ ਆਮ ਤੌਰ 'ਤੇ ਵਰਤੇ ਜਾਣ ਵਾਲੇ ਨਦੀਨਨਾਸ਼ਕ ਗਲਾਈਫ਼ੋਸੇਟ 'ਤੇ ਵੀ ਰੋਕ ਲਾ ਦਿੱਤੀ ਗਈ ਹੈ, ਕਿਉਂਕਿ ਇਹ ਗੁਰਦਿਆਂ ਤੇ ਪੈਂਕ੍ਰਿਐਟਿਕ ਕੈਂਸਰ ਨੂੰ ਪੈਦਾ ਕਰਦਾ ਹੈ। ਖੋਜਾਂ ਮੁਤਾਬਕ ਪੰਜਾਬ ਦੀ ਕੌਟਨ ਬੈਲਟ ਯਾਨੀ ਮਾਲਵਾ ਖਿੱਤੇ ਵਿੱਚ ਕੀਟਨਾਸ਼ਕਾਂ ਦੀ ਅੰਨ੍ਹੀਂ ਵਰਤੋਂ ਕਾਰਨ ਇੱਥੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ।