ਬਠਿੰਡਾ: ਬੀਤੀ ਰਾਤ ਰਿਹਾਇਸ਼ੀ ਕਲੋਨੀ ਵਿੱਚ ਇੱਕ ਮੁੰਡੇ ਵੱਲੋਂ ਮਹਿਲਾ ਵਕੀਲ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ। ਮੁੰਡੇ ਦਾ ਇਲਜ਼ਾਮ ਹੈ ਕਿ ਵਕੀਲ ਨੇ ਉਸ ਦੀ ਕੁੱਟਮਾਰ ਲਈ ਬਾਹਰੋਂ ਗੁੰਡੇ ਬੁਲਾਏ ਸੀ। ਫਿਲਹਾਲ ਪੁਲਿਸ ਨੇ ਦੋਵੇਂ ਧਿਰਾਂ ਦੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਮਹਿਲਾ ਵਕੀਲ ਸ਼ਮਾ ਰਾਣੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਰਾਤ ਸਮੇਂ ਕਲੋਨੀ 'ਚ ਆਪਣੇ ਕੁੱਤੇ ਨੂੰ ਘੁਮਾ ਰਹੀ ਸੀ। ਇਸੇ ਦੌਰਾਨ ਬਲਜੀਤ ਸਿੰਘ ਨੇ ਮੋਬਾਈਲ ਨਾਲ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਆਪਣੀ ਹੱਦ ਲੰਘ ਕੇ ਬਿਲਕੁਲ ਉਸ ਦੇ ਨੇੜੇ ਆ ਗਿਆ ਤਾਂ ਉਸ ਨੇ ਹੱਥ ਮਾਰ ਕੇ ਬਲਜੀਤ ਸਿੰਘ ਦਾ ਮੋਬਾਈਲ ਸੁੱਟ ਦਿੱਤਾ। ਇਸ 'ਤੇ ਬਲਜੀਤ ਨੇ ਉਸ ਨੂੰ ਥੱਪੜ ਮਾਰ ਦਿੱਤਾ ਤੇ ਗਾਲ੍ਹਾਂ ਕੱਢਣ ਲੱਗਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਆਸਪਾਸ ਦੇ ਲੋਕ ਇਕੱਠੇ ਹੋ ਗਏ। ਵਕੀਲ ਨੇ ਕਿਹਾ ਕਿ ਮੁੰਡੇ ਨੇ ਸ਼ਰਾਬ ਪੀਤੀ ਹੋਈ ਸੀ।
ਥਾਣਾ ਕੈਨਾਲ ਮੁਖੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਣ 'ਤੇ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ। ਮਹਿਲਾ ਵਕੀਲ ਦੀ ਸ਼ਿਕਾਇਤ 'ਤੇ ਬਲਜੀਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪਰ ਬਲਜੀਤ ਦਾ ਕਹਿਣਾ ਹੈ ਕਿ ਵਕੀਲ ਦਾ ਕੁੱਤਾ ਉਸ ਦੇ ਘਰ ਅੱਗੇ ਗੰਦ ਪਾ ਜਾਂਦਾ ਹੈ। ਰਾਤ ਵੀ ਇਸੇ ਤਰ੍ਹਾਂ ਹੋਇਆ, ਜਿਸ ਦੀ ਉਹ ਵੀਡੀਓ ਬਣਾ ਰਿਹਾ ਸੀ ਪਰ ਵਕੀਲ ਨੇ ਗਲਤੀ ਮੰਨਣ ਦੀ ਬਜਾਏ ਉਸ ਦੀ ਕੁੱਟਮਾਰ ਲਈ ਸ਼ਹਿਰ 'ਚੋਂ ਗੁੰਡਾ ਅਨਸਰ ਬੁਲਾ ਲਏ। ਇਸ ਲਈ ਪੁਲਿਸ ਨੇ ਮਹਿਲਾ ਵਕੀਲ ਦੀ ਹਮਾਇਤ ਕਰ ਰਹੇ ਕੁਝ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ।