ਲਾਹੌਰ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਹੈ ਕਿ ਉਹ ਸਤੰਬਰ ਮਹੀਨੇ ਤੋਂ ਹੀ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲ੍ਹਣ ਜਾ ਰਿਹਾ ਹੈ। ਕੁਰੈਸ਼ੀ ਦੀ ਮੰਨੀਏ ਤਾਂ ਪਾਕਿਸਤਾਨ ਪੁਰਾਣੇ ਐਲਾਨੇ ਸਮੇਂ ਤੋਂ ਦੋ ਮਹੀਨੇ ਪਹਿਲਾਂ ਯਾਨੀ 11 ਸਤੰਬਰ ਤੋਂ ਹੀ ਲਾਂਘਾ ਖੋਲ੍ਹਣ ਜਾ ਰਿਹਾ ਹੈ। ਕੁਰੈਸ਼ੀ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਗਲਿਆਰਾ ਗੁਰੂ ਨਾਨਕ ਦੇਵ ਜੀ ਦੇ 480ਵੇਂ ਜੋਤੀ ਜੋਤ ਦਿਵਸ ਮੌਕੇ ਵੀ ਖੋਲ੍ਹੇਗਾ।


ਮੰਤਰੀ ਨੇ ਸਿੱਖ ਸ਼ਰਧਾਲੂਆਂ ਨੂੰ ਤਿਆਰੀਆਂ ਕਰਨ ਦੀ ਵੀ ਅਪੀਲ ਕੀਤੀ ਹੈ। ਕੁਰੈਸ਼ੀ ਦੇ ਬਿਆਨ ਮੁਤਾਬਕ ਉਹ ਭਾਰਤ ਤੋਂ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ, ਨਾਰੋਵਾਲ ਆਉਣ ਦੇ ਇਛੁੱਕ ਸਿੱਖ ਸ਼ਰਧਾਲੂਆਂ ਨੂੰ 11 ਸਤੰਬਰ ਤੋਂ ਹੀ ਆ ਸਕਦੇ ਹਨ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੂੰ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਵੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ 2019 ਨੂੰ ਮਨਾਇਆ ਜਾਣਾ ਹੈ ਅਤੇ ਅੱਠ ਨਵੰਬਰ ਤੋਂ ਸਮਾਗਮ ਸ਼ੁਰੂ ਹੋ ਜਾਣਗੇ। ਗੁਰੂ ਨਾਨਕ ਦੇਵ ਜੀ ਦਾ 480ਵਾਂ ਜੋਤੀ ਜੋਤ ਦਿਵਸ ਸਤੰਬਰ ਮਹੀਨੇ ਵਿੱਚ ਹੀ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ 1539 ਈਸਵੀ ਨੂੰ ਸਰੀਰ ਤਿਆਗਿਆ ਸੀ ਤੇ ਉਸ ਦਿਨ ਪਾਕਿਸਤਾਨ ਆਰਜ਼ੀ ਤੌਰ 'ਤੇ ਇਹ ਗਲਿਆਰਾ ਖੋਲ੍ਹ ਸਕਦਾ ਹੈ। ਪਰ ਪਾਕਿਸਤਾਨ ਦੇ ਇਸ ਐਲਾਨ ਮੁਤਾਬਕ ਹੁਣ ਦੋ ਮਹੀਨੇ ਪਹਿਲਾਂ ਹੀ ਸਿੱਖ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਭਾਰਤ ਸਰਕਾਰ ਇਸ ਲਈ ਤਿਆਰ ਹੈ ਕਿ ਨਹੀਂ। ਹਾਲੇ ਭਾਰਤ ਵਾਲੇ ਪਾਸੇ ਗਲਿਆਰੇ ਦਾ ਕਾਫੀ ਕੰਮ ਪਿਆ ਹੈ, ਜਿਸ ਨੂੰ ਨਵੰਬਰ ਤਕ ਪੂਰਾ ਕੀਤਾ ਜਾਣਾ ਹੈ।

ਦੇਖੋ ਵੀਡੀਓ-