ਬੱਚੇ 'ਤੇ ਤਸ਼ੱਦਦ ਕਰਨ ਦੇ ਕੇਸ 'ਚ ਤਿੰਨ ਥਾਣੇਦਾਰ ਰਗੜੇ
ਏਬੀਪੀ ਸਾਂਝਾ | 10 Dec 2017 06:34 PM (IST)
ਬਠਿੰਡਾ: ਚੁਫੇਰਿਓਂ ਅਲੋਚਨਾ ਮਗਰੋਂ ਅੱਜ 12 ਸਾਲਾ ਲੜਕੇ ਉੱਪਰ ਪੁਲਿਸ ਵੱਲੋਂ ਤਸ਼ੱਦਦ ਕਰਨ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਏ.ਐਸ.ਆਈ. ਕੁਲਵਿੰਦਰ ਤੇ ਲੜਕੇ ਨੂੰ ਕੁੱਟਮਾਰ ਕਰਕੇ ਥਾਣੇ ਫੜਾਉਣ ਵਾਲੇ ਦਵਿੰਦਰ ਸਿੰਘ ਤੇ ਹੋਰ ਮੁਹੱਲਾ ਵਾਸੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਐਸਐਚਓ ਦਵਿੰਦਰ ਤੇ ਏਐਸਆਈ ਰਾਜਵੀਰ ਲਾਈਨ ਹਾਜ਼ਰ ਕਰ ਦਿੱਤੇ ਗਏ ਹਨ। ਕਾਬਲੇਗੌਰ ਹੈ ਕਿ ਤਿੰਨ ਦਸੰਬਰ ਨੂੰ ਪਤੰਗ ਲੁੱਟਣ ਗਏ ਲੜਕੇ ਨੂੰ ਚੋਰੀ ਦੇ ਇਲਜ਼ਾਮ ਵਿੱਚ ਮੁਹੱਲਾ ਵਾਸੀਆਂ ਨੇ ਕੁੱਟਮਾਰ ਕਰਨ ਤੋਂ ਬਾਅਦ ਕੋਤਵਾਲੀ ਪੁਲਿਸ ਦੇ ਹਵਾਲੇ ਕੀਤਾ ਸੀ। ਪਰਸੋਂ ਲੜਕੇ ਦੀ ਮਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਪੁਲਿਸ ਵਾਲਿਆਂ 'ਤੇ ਥਰਡ ਡਿਗਰੀ ਤਸ਼ੱਦਦ ਕਰਨ ਦੇ ਇਲਜ਼ਾਮ ਲਾਏ ਸਨ। ਉਸ ਨੇ ਕਿਹਾ ਸੀ ਕਿ ਬੱਚੇ ਦੇ ਗੁਪਤ ਅੰਗ ਵਿੱਚ ਪੈਟਰੋਲ ਪਾਇਆ ਗਿਆ ਸੀ। ਬੱਚਾ ਇਸ ਵੇਲੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮੀਡੀਆ ਵਿੱਚ ਗੱਲ ਜਾਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਮੀਡੀਆ ਵਿੱਚ ਆਉਣ ਮਗਰੋਂ ਇਹ ਮਾਮਲਾ ਸਿਆਸੀ ਰੰਗ ਫੜਦਾ ਜਾ ਰਿਹਾ ਹੈ। ਅੱਜ ਆਦਮੀ ਪਾਰਟੀ ਦੀ ਬਠਿੰਡਾ ਦੇਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਲੜਕਾ ਦਾ ਹਾਲ ਜਾਣਿਆ। ਉਨ੍ਹਾਂ ਕਿਹਾ ਕਿ ਬੱਚੇ 'ਤੇ ਅਣਮਨੁੱਕੀ ਤਸ਼ੱਦਦ ਕੀਤਾ ਗਿਆ ਹੈ।