ਚੰਡੀਗੜ੍ਹ: "ਅਸੀਂ ਕਿਸੇ ਤੋਂ ਨਹੀਂ ਡਰਦੇ। ਪਰਚੇ ਦੀ ਕੀ ਗੱਲ ਆ। ਸਾਨੂੰ ਜਦੋਂ ਮਰਜ਼ੀ ਆ ਕੇ ਗ੍ਰਿਫ਼ਤਾਰ ਕਰੋ। ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਅੱਜ ਇਹ ਗੱਲ ਕਹਿ ਕੇ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਰਕਾਰ ਨੂੰ ਸਿੱਧਾ ਚੈਲੰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਫ਼ਸਰ ਏਜੰਟ ਬਣਕੇ ਕੰਮ ਕਰ ਰਹੇ ਹਨ ਤੇ ਇਸ ਦੇ ਪੂਰੇ ਸਬੂਤ ਉਨ੍ਹਾਂ ਕੋਲ ਹਨ। ਉਨ੍ਹਾਂ ਕਿਹਾ ਕਿ ਸਾਡੇ ਖਿਲਾਫ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਤੇ ਕ੍ਰਿਮੀਨਲ ਸਾਜ਼ਿਸ਼ ਹੋ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਬਾਰੇ ਅਸੀਂ ਰਾਜਪਾਲ ਨੂੰ ਮੰਗ ਪੱਤਰ ਵੀ ਦੇਵਾਂਗੇ ਤੇ ਸਾਡੀ ਸਰਕਾਰ ਆਉਣ ਤੇ ਹਾਈਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਿੱਚ ਕਮਿਸ਼ਨ ਬਣਾਇਆ ਜਾਵੇਗਾ ਜੋ ਧੱਕੇਸ਼ਾਹੀਆਂ ਦੀ ਜਾਂਚ ਕਰੇਗਾ। ਉਨ੍ਹਾਂ ਕਿਹਾ ਅਕਾਲੀ ਦਲ ਦੇ ਸ਼ਾਂਤਮਈ ਵਰਕਰਾਂ ਨਾਲ਼ ਧੱਕਾ ਕਰਨ ਵਾਲੇ ਅਫਸਰ ਬਖਸ਼ੇ ਨਹੀਂ ਜਾਣਗੇ। ਸੁਖਬੀਰ ਨੇ ਕਿਹਾ ਕਿ ਉਹ ਨਿਗਮ ਚੋਣਾਂ ਜ਼ਰੂਰ ਲੜਨਗੇ ਤੇ ਪੂਰਾ ਡੱਟ ਕੇ ਕਾਂਗਰਸ ਦਾ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਚੋਣਾਂ ਦੀ ਹਾਰ ਜਿੱਤ ਸਾਡੇ ਲਈ ਮਾਇਨੇ ਨਹੀਂ ਰੱਖਦੀ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਵਿੱਚ ਫੈਸਲਾ ਹੋਇਆ ਹੈ ਕਿ ਹਰ ਹਲਕੇ ਵਿੱਚ ਸਾਡੇ 10 ਵਲੰਟੀਅਰ ਤਾਇਨਾਤ ਕੀਤੇ ਜਾਣਗੇ ਤਾਂ ਕਾਂਗਰਸ ਦਾ ਧੱਕਾ ਰੋਕਿਆ ਜਾ ਸਕੇ।