ਬਠਿੰਡਾ: ਬਠਿੰਡਾ ਵਾਸੀ ਸੰਨੀ ਹਿੰਦੁਸਤਾਨੀ ਪ੍ਰਾਈਵੇਟ ਚੈਨਲ ਉੱਤੇ ਚੱਲ ਰਹੇ ਰਿਐਲਿਟੀ ਸ਼ੋਅ ਵਿੱਚ ਪਹਿਲੇ 6 ਵਿੱਚ ਜਗ੍ਹਾ ਬਣਾ ਚੁੱਕਿਆ ਹੈ। ਇਸੇ ਦੌਰਾਨ ਸੰਨੀ ਵੀਰਵਾਰ ਨੂੰ ਆਪਣੇ ਸ਼ਹਿਰ ਬਠਿੰਡਾ ਪਹੁੰਚਿਆ ਜਿੱਥੇ ਸ਼ਹਿਰ ਵਾਸੀਆਂ ਨੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਹਿਰ ਵਿੱਚ ਸੰਨੀ ਤਰਫ਼ੋਂ ਰੋਡ ਸ਼ੋਅ ਵੀ ਕੱਢਿਆ ਗਿਆ। ਸੰਨੀ ਨੇ ਦੱਸਿਆ ਕਿ ਉਸ ਨੂੰ ਕਦੇ ਉਮੀਦ ਵੀ ਨਹੀਂ ਸੀ ਕਿ ਉਹ ਇੱਕ ਦਿਨ ਸਟਾਰ ਬਣ ਜਾਵੇਗਾ, ਉਸ ਨੇ ਕਿਹਾ ਕਿ ਉਸ ਦੀ ਸਖਤ ਮਿਹਨਤ ਦੇ ਕਾਰਨ ਉਹ ਅੱਜ ਸਫਲਤਾ ਹਾਸਲ ਕਰ ਸਕਿਆ ਹੈ।


ਸੰਨੀ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਵਿੱਚ ਵੀ ਉਸ ਨੂੰ ਬਠਿੰਡਾ ਵਾਸੀਆਂ ਤੋਂ ਇਸ ਤਰ੍ਹਾਂ ਦਾ ਪਿਆਰ ਮਿਲਦਾ ਰਹਿਣ ਦੀ ਉਮੀਦ ਹੈ। ਸੰਨੀ ਨੇ ਕਿਹਾ ਕਿ ਉਹ ਬਠਿੰਡਾ ਨਹੀਂ ਛੱਡੇਗਾ ਤੇ ਨਾ ਹੀ ਉਸ ਦਾ ਕੋਈ ਉਸਤਾਦ ਹੈ। ਉਸ ਨੇ ਮੋਬਾਈਲ ਫੋਨ ਰਾਹੀਂ ਹੀ ਗਾਇਕੀ ਸਿੱਖੀ ਹੈ।

ਉਸ ਨੇ ਸ਼ਹਿਰ ਦੇ ਇੱਕ ਮਾਲ ਵਿੱਚ ਆਪਣੀ ਪਰਫਾਰਮੈਂਸ ਵੀ ਦਿੱਤੀ ਤੇ ਆਪਣੀ ਆਵਾਜ਼  ਨਾਲ ਲੋਕਾਂ ਨੂੰ ਕੀਲ ਦਿੱਤਾ। ਸੰਨੀ ਦਾ ਕਹਿਣਾ ਹੈ ਕਿ ਉਸ ਨੂੰ ਇੰਨਾ ਜ਼ਿਆਦਾ ਪਿਆਰ ਬਠਿੰਡਾ ਵਾਸੀਆਂ ਤੋਂ ਮਿਲੇਗਾ, ਇਸ ਦੀ ਉਹ ਉਮੀਦ ਵੀ ਨਹੀਂ ਕਰ ਰਿਹਾ ਸੀ।

ਸੰਨੀ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਤੇ ਆਪਣੇ ਦੋਸਤਾਂ ਦਾ ਦੇਣਾ ਕਦੇ ਨਹੀਂ ਦੇ ਸਕਦਾ ਜਿਨ੍ਹਾਂ ਦੀ ਬਦੌਲਤ ਅੱਜ ਉਹ ਇਸ ਸਫਲਤਾ ਦੀ ਮੰਜ਼ਲ 'ਤੇ ਪੁੱਜਾ ਹੈ।