Sri muktsar sahib: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਕਾਲਗੜ੍ਹ ਵਿੱਚ ਇੱਕ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਿੰਡ ਅਕਾਲਗੜ੍ਹ ਵਿਖੇ ਬਣੀ ਸੰਤ ਬਾਬਾ ਭਗਤ ਸਿੰਘ ਦੀ ਯਾਦਗਰ ਤੋਂ ਚੋਲਾ ਸਾਹਿਬ ਅਤੇ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਕੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਥਾਣਾ ਸਦਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 


ਇਸ ਪੂਰੀ ਘਟਨਾ ਬਾਰੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਦੱਸਿਆ ਕਿ ਪਿੰਡ ’ਚ ਸੰਤ ਬਾਬਾ ਭਗਤ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਜਿਸ ਵਿੱਚ ਬਾਬਾ ਜੀ ਦਾ ਚੋਲਾ ਅਤੇ ਖੜਾਵਾ (ਸੋਟੀ) ਪਈਆਂ ਸਨ।


ਇਹ ਵੀ ਪੜ੍ਹੋ: samrala news: ਸਮਰਾਲਾ 'ਚ 2 ਧੜਿਆਂ ਵਿਚਾਲੇ ਹੋਈ ਲੜਾਈ, ਇੱਕ ਨੌਜਵਾਨ ਜ਼ਖ਼ਮੀ, ਗੱਡੀ ਦੀ ਵੀ ਕੀਤੀ ਭੰਨਤੋੜ, ਮਾਮਲੇ ਦੀ ਜਾਂਚ ਸ਼ੁਰੂ


ਸ਼ੁੱਕਰਵਾਰ ਸਵੇਰੇ ਚਾਰ ਵਜੇ ਉਹ ਯਾਦਗਾਰੀ ਗੁਰਦੁਆਰਾ ਸਾਹਿਬ ਜੀ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਾ ਗਿਆ ਤਾਂ ਕੁਝ ਸਮੇਂ ਬਾਅਦ ਉਸਦੇ ਪਿੰਡ ਦਾ ਹੀ ਵਿਅਕਤੀ ਬਲਜੀਤ ਸਿੰਘ ਪੁੱਤਰ ਆਤਮਾ ਸਿੰਘ ਗੁਰਦੁਆਰਾ ਸਾਹਿਬ ਆਇਆ ਅਤੇ ਸੋਟੀ ਚੁੱਕ ਕੇ ਜਾਣ ਲੱਗਾ। ਪਿੰਡ ਦੇ ਪਤਵੰਤਿਆਂ ਨੇ ਸਤਿਕਾਰ ਸਹਿਤ ਉਸ ਕੋਲੋਂ ਸੋਟੀ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਰੱਖ ਦਿੱਤੀ।


ਫਿਰ ਅੰਦਰ ਜਾ ਕੇ ਦੇਖਿਆ ਕਿ ਚੋਲਾ ਸਾਹਿਬ ਉਥੇ ਨਹੀਂ ਸੀ। ਜਦੋਂ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਬਲਜੀਤ ਸਿੰਘ ਨੂੰ ਚੋਲਾ ਸਾਹਿਬ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਚੋਲਾ ਸਾਹਿਬ ਨੂੰ ਆਪਣੇ ਘਰ ਲੈ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦਾ ਸਾਰਾ ਸਮਾਨ ਅਤੇ ਚੋਲਾ ਸਾਹਿਬ ਨੂੰ ਅੱਗ ਲਗਾ ਦਿੱਤੀ ਹੈ। 


ਜਦੋਂ ਪਿੰਡ ਦੇ ਸਰਪੰਚ ਅਤੇ ਪਤਵੰਤੇ ਉਸ ਦੇ ਘਰ ਗਏ ਤਾਂ ਦੇਖਿਆ ਕਿ ਚੋਲਾ ਸਾਹਿਬ ਅਤੇ ਗੁਟਕਾ ਸਾਹਿਬ ਅਗਨ ਭੇਟ ਹੋ ਗਏ ਸਨ। ਇਸ ਦੇ ਨਾਲ ਹੀ ਘਰ ਦਾ ਸਾਰਾ ਸਮਾਨ ਵੀ ਸੜ ਗਿਆ ਸੀ। ਗੁਟਕਾ ਸਾਹਿਬ ਅੱਧਾ ਸੜਿਆ ਹੋਇਆ ਸੀ। 


ਉੱਥੇ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਬਲਜੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਕਾਲਗੜ੍ਹ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 380,295ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ।


ਇਹ ਵੀ ਪੜ੍ਹੋ: Punjab news: ਖੰਨਾ 'ਚ ਹਨੀ ਟ੍ਰੈਪ ਗੈਂਗ ਦਾ ਹੋਇਆ ਪਰਦਾਫਾਸ਼, ਮਾਸਟਰ ਮਾਈਂਡ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ