Sangrur news: ਦੇਸ਼ ਦੀ ਸਰਹੱਦ ‘ਤੇ ਰਾਖੀ ਕਰਦਿਆਂ ਹਰ ਰੋਜ਼ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਉੱਥੇ ਹੀ ਦੇਸ਼ ਦੀ ਰਾਖੀ ਕਰਦਿਆਂ ਸੰਗਰੂਰ ਦੇ ਪਿੰਡ ਭਸੌੜ ਦੇ ਜਵਾਨ ਹਰਸਿਮਰਨ ਸਿੰਘ ਰਾਜ਼ੌਰੀ ਵਿੱਚ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਲਿਆਂਦੀ ਗਈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਵੱਲੋਂ ਸਲਾਮੀ ਦੇ ਕੇ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਗਈ।


ਉੱਥੇ ਹੀ ਹਰਸਿਮਰਨ ਦੇ ਵੱਡੇ ਭਰਾ ਨੇ ਦੱਸਿਆ ਦੋਵਾਂ ਭਰਾਵਾਂ ਨੂੰ ਆਪਣੇ ਦਾਦਾ ਜੀ ਅਤੇ ਪਿਤਾ ਜੀ ਨੂੰ ਦੇਖ ਕੇ ਦੇਸ਼ ਦੀ ਸੇਵਾ ਕਰਨ ਦੀ ਇੱਛਾ ਪੈਦਾ ਹੋਈ ਸੀ। ਪਹਿਲਾਂ ਦਾਦਾ ਜੀ, ਫਿਰ ਪਿਤਾ ਨਿਰਮਲ ਸਿੰਘ ਭਾਰਤੀ ਸੈਨਾ ਦਾ ਹਿੱਸਾ ਰਹੇ ਤੇ ਉਸ ਤੋਂ ਬਾਅਦ ਵੱਡਾ ਭਰਾ,(ਉਹ ਖੁਦ) ਅਤੇ ਫਿਰ ਮੇਰੇ ਤੋਂ ਛੋਟਾ ਹਰਸਿਮਰਨ ਸਿੰਘ ਦਸੰਬਰ 2018 ਦੇ ਵਿੱਚ ਭਾਰਤੀ ਸੈਨਾ ਦਾ ਹਿੱਸਾ ਬਣਿਆ ਸੀ।


ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਨੂੰ ਫੋਨ ਆਇਆ ਕਿ ਹਰਸਿਮਰਨ ਸਿੰਘ ਦੀ ਮੌਤ ਹੋ ਗਈ ਹੈ ਅਤੇ ਮੈਨੂੰ ਆਪਣੇ ਭਰਾ ਦੀ ਸਹਾਦਤ ਉੱਤੇ ਮਾਣ ਹੈ, ਕਿਉਂਕਿ ਉਸ ਨੇ ਬਾਰਵੀਂ ਕਲਾਸ ਪਾਸ ਕਰਨ ਤੋਂ ਬਾਅਦ ਭਾਰਤੀ ਸੈਨਾ ਵਿੱਚ ਭਰਤੀ ਹੋਣ ਦਾ ਫੈਸਲਾ ਲਿਆ ਸੀ।


ਇਹ ਵੀ ਪੜ੍ਹੋ: Amritsar news: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਕੱਢਿਆ ਗਿਆ ਅਲੌਕਿਕ ਨਗਰ ਕੀਰਤਨ, ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ


ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸ਼ਹੀਦ ਹਰਸਿਮਰਨ ਸਿੰਘ ਦੀ ਸ਼ਹਾਦਤ ਨੂੰ ਅਸੀਂ ਸਲਾਮ ਕਰਦੇ ਹਾਂ। ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਵੱਲੋਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਥੇ ਆਇਆ ਹਾਂ। ਅਸੀਂ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ‘ਚ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ ਅਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਸਨਮਾਨਿਤ ਰਾਸੀ ਹੋਵੇਗੀ, ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਘਰ ਆ ਕੇ ਦੇ ਕੇ ਜਾਣਗੇ।


 ਦੂਜੇ ਪਾਸੇ ਸਾਬਕਾ ਫੌਜੀ ਕਮਲ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਸਾਨੂੰ ਹਰਸਿਮਰਨ ਸਿੰਘ ਦੀ ਸ਼ਹਾਦਤ ‘ਤੇ ਬਹੁਤ ਮਾਣ ਹੈ ਪਰ ਭਾਰਤੀ ਫੌਜ ਵੱਲੋਂ ਜਿਹੜਾ ਸਨਮਾਨ ਹਰਸਿਮਰਨ ਸਿੰਘ ਨੂੰ ਦਿੱਤਾ ਜਾਣਾ ਸੀ, ਉਹ ਨਹੀਂ ਦਿੱਤਾ ਗਿਆ ਜਿਸ ‘ਤੇ ਸਾਨੂੰ ਬੇਹਦ ਅਫਸੋਸ ਹੈ। ਪਰ ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਜਵਾਨ ਨੂੰ ਅੰਤਿਮ ਵਿਦਾਈ ਸਮੇਂ ਸਲਾਮੀ ਦੇ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ।


ਇਹ ਵੀ ਪੜ੍ਹੋ: Punjab News: ਸਰਕਾਰ ਨੇ 33 ਕਰੋੜ ਦੀ ਲਾਗਤ ਨਾਲ ਬਣਾਇਆ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਪੈਨੋਰਮਾ