ਚੰਡੀਗੜ੍ਹ: ਪਿਛਲੇ ਦਿਨੀਂ ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ ਮਲਣ ਦੀਆਂ ਘਟਨਾਵਾਂ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਕਿ ਅੱਜ ਸ਼ਰਾਰਤੀ ਅਨਸਰਾਂ ਨੇ ਬੇਅੰਤ ਸਿੰਘ ਦੀ ਫੋਟੋ ਹੀ ਤੋੜ ਦਿੱਤੀ। ਘਟਨਾ ਪਾਇਲ ਦੇ ਪਿੰਡ ਕੋਟਲੀ ਵਿੱਚ ਵਾਪਰੀ। ਯਾਦ ਰਹੇ ਕਿ ਕੋਟਲੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਜੱਦੀ ਪਿੰਡ ਹੈ। ਸ਼ਰਾਰਤੀ ਅਨਸਰਾਂ ਨੇ ਪਿੰਡ ਵਿੱਚ ਬਣੇ ਯਾਦਗਾਰੀ ਗੇਟ ’ਤੇ ਲੱਗੀ ਬੇਅੰਤ ਸਿੰਘ ਦੀ ਫੋਟੋ ਤੋੜ ਦਿੱਤੀ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸੈਰ ਕਰਨ ਲਈ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕਿਸੇ ਨੇ ਪੱਥਰ ਮਾਰ ਕੇ ਮਰਹੂਮ ਬੇਅੰਤ ਸਿੰਘ ਦੀ ਫ਼ੋਟੋ ਤੋੜ ਦਿੱਤੀ। ਇਸ ਸਬੰਧੀ ਬੋਲਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਫੜ ਕੇ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਪਾਇਲ ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖਿਲਾਫ ਐਫਆਰਆਈ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।