ਪਿਛਲੇ ਸਾਲ ਕਾਂਗਰਸ ਦੇ ਕੌਮੀ ਪ੍ਰਧਾਨ ਬਣੇ ਰਾਹੁਲ ਗਾਂਧੀ ਪਾਰਟੀ ਵਿੱਚ ਪਰਿਵਾਰਵਾਦ ਨੂੰ ਘੱਟ ਕਰਨ ਇੱਕ ਪਰਿਵਾਰ, ਇੱਕ ਟਿਕਟ ਦਾ ਸਿਧਾਂਤ ਲਾਗੂ ਕਰਨ ਦੀ ਫਿਰਾਕ ਵਿੱਚ ਹਨ। ਅਜਿਹੇ ਵਿੱਚ ਆਪਣੇ ਆਪਣੇ ਤੋਂ ਇਲਾਵਾ ਪਤਨੀ, ਪੁੱਤਰ ਤੇ ਹੋਰਨਾਂ ਰਿਸ਼ਤੇਦਾਰਾਂ ਲਈ ਲੋਕ ਸਭਾ ਟਿਕਟ ਦੀ ਆਸ ਲਾਈ ਬੈਠੇ ਕਾਂਗਰਸੀ ਨੇਤਾਵਾਂ ਦੀਆਂ ਆਸਾਂ 'ਤੇ ਪਾਣੀ ਫਿਰ ਸਕਦਾ ਹੈ।
ਉੱਧਰ, ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪੰਜਾਬ ਵਿੱਚ 21 ਫਰਵਰੀ ਨੂੰ ਖ਼ਤਮ ਹੋਣ ਵਾਲੇ ਬਜਟ ਇਜਲਾਸ ਮਗਰੋਂ 25 ਫਰਵਰੀ ਤਕ ਉਹ ਉਮੀਦਵਾਰਾਂ ਦੇ ਨਾਂ ਹਾਈਕਮਾਨ ਨੂੰ ਭੇਜ ਦੇਣਗੇ। ਇਸ ਤੋਂ ਬਾਅਦ ਹੀ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਬਾਰੇ ਆਖ਼ਰੀ ਫੈਸਲਾ ਹੋਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਤੋਂ ਇਲਾਵਾ ਵਿਧਾਇਕ ਜ਼ੀਰਾ ਤੇ ਧੀਮਾਨ ਪਿਓ-ਪੁੱਤ ਦੀ ਜੋੜੀ ਲੋਕ ਸਭਾ ਟਿਕਟ ਲਈ ਪੂਰੀ ਵਾਹ ਲਾ ਰਹੇ ਹਨ। ਇਸ ਵਾਰ ਪੰਜਾਬ ਤੋਂ 160 ਤੋਂ ਵੱਧ ਨੇਤਾਵਾਂ ਨੇ ਲੋਕ ਸਭਾ ਸੀਟਾਂ 'ਤੇ ਦਾਅਵੇਦਾਰੀ ਜਤਾਈ ਹੈ ਪਰ ਰਾਹੁਲ ਗਾਂਧੀ ਦੇ ਫੁਰਮਾਨ ਮਗਰੋਂ ਕਈ ਲੀਡਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਖ਼ੁਦ-ਬ-ਖ਼ੁਦ ਅਯੋਗ ਬਣ ਜਾਣਗੇ।