ਅੰਮ੍ਰਿਤਸਰ: ਸੂਬੇ ਦੀਆਂ ਮੰਡੀਆਂ 'ਚ ਝੋਨੇ ਦਾ ਸੀਜਨ ਸ਼ੁਰੂ ਹੁੰਦੇ ਸਾਰ ਹੀ ਕਿਸਾਨ ਫਸਲ ਲੈ ਕੇ ਵਹੀਰਾਂ ਘੱਤ ਕੇ ਪੁੱਜ ਰਹੇ ਹਨ। ਮੰਡੀਆਂ 'ਚ ਬਾਸਮਤੀ ਦੀ ਕਿਸਮ 1509 ਵੱਡੀ ਮਾਤਰਾ 'ਚ ਪੁੱਜ ਚੁੱਕੀ ਹੈ। ਇਸ ਦੀ ਸਾਰੀ ਖਰੀਦ ਨਿੱਜੀ ਏਜੰਸੀਆਂ ਨੇ ਕੀਤੀ ਹੈ ਤੇ ਸਰਕਾਰੀ ਖਰੀਦ ਭਾਵੇਂ 1 ਅਕਤੂਬਰ ਤੋਂ ਸ਼ੁਰੂ ਹੋਵੇਗੀ ਪਰ 1509 ਨੂੰ ਪ੍ਰਾਈਵੇਟ ਏਜੰਸੀਆਂ ਖਰੀਦ ਰਹੀਆਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਖਰੀਦ ਨਾ ਹੋਣ ਕਰਕੇ ਨੁਕਸਾਨ ਹੁੰਦਾ ਹੈ ਕਿਉਂਕਿ ਨਿੱਜੀ ਏਜੰਸੀਆਂ ਵਾਲੇ ਆਪਣੀ ਮਰਜੀ ਮੁਤਾਬਕ ਰੇਟ ਦਿੰਦੇ ਹਨ। ਕਿਸੇ ਕਿਸਾਨ ਨੂੰ ਰੇਟ ਵੱਧ ਮਿਲਦਾ ਹੈ ਤੇ ਕਿਸੇ ਨੂੰ ਘੱਟ ਰੇਟ ਮਿਲਦਾ ਹੈ। ਜਦਕਿ ਜੇਕਰ ਸਰਕਾਰ 1509 ਦੀ ਸਰਕਾਰੀ ਖਰੀਦ ਦੀ ਵਿਵਸਥਾ ਕਰਦੀ ਹੈ ਜਾਂ ਸਰਕਾਰ ਦੀ ਨਿਗਰਾਨੀ ਹੇਠ ਖਰੀਦ ਕਰਵਾਉਂਦੀ ਹੈ ਤਾਂ ਫਿਰ ਕਿਸਾਨਾਂ ਨੂੰ ਇੱਕ ਰੇਟ ਮਿਲ ਸਕਦਾ ਹੈ।
ਇਹ ਵੀ ਪੜ੍ਹੋ :- ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ CM ਭਗਵੰਤ ਮਾਨ ਦਾ ਵੱਡਾ ਐਲਾਨ, 46 ਨੌਜਵਾਨਾਂ ਨੂੰ ਦੇਵਾਂਗੇ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ
ਕਿਸਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਬਾਸਮਤੀ ਦੀਆਂ ਕਿਸਮਾਂ 1509, 1121,1718 ਤੇ P-7 ਪਾਣੀ ਘੱਟ ਲੈਂਦੀਆਂ ਹਨ ਤੇ ਘੱਟ ਸਮੇਂ 'ਚ ਪੱਕ ਜਾਂਦੀਆਂ ਹਨ ਜਿਸ ਨਾਲ ਕਿਸਾਨ ਕਣਕ ਤੋੰ ਪਹਿਲਾਂ ਸਬਜੀ ਲਗਾ ਸਕਦੇ ਹਨ ਜਦਕਿ ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਦੀ ਸਰਕਾਰੀ ਖਰੀਦ ਦੀ ਵਿਵਸਥਾ ਕਰੇ ਜਾਂ ਆਪਣੀ ਨਿਗਰਾਨੀ 'ਚ ਇਸ ਦੀ ਖਰੀਦ ਕਰਵਾਏ। ਕਿਸਾਨਾਂ ਨੇ ਕਿ ਪਿਛਲੇ ਦਿਨੀਂ ਬਾਰਸ਼ ਹੋਣ ਕਰਕੇ ਕਿਸਾਨਾਂ ਦਾ ਖੇਤਾਂ ਤੇ ਮੰਡੀਆਂ 'ਚ ਦੋਹਰਾ ਨੁਕਸਾਨ ਹੋਇਆ ਹੈ ਕਿਉਂਕਿ ਇਕ ਪਾਸੇ ਮੰਡੀਆਂ 'ਚ ਝੋਨਾ ਸਿੱਲਾ ਹੋਣ ਕਰਕੇ ਰੇਟ ਡਿੱਗ ਗਿਆ, ਉਥੇ ਹੀ ਖੇਤਾਂ 'ਚ ਫਸਲ ਗਿੱਲੀ ਹੋਣ ਕਰਕੇ ਵਾਢੀ ਅੱਗੇ ਪੈ ਗਈ।
ਦੂਜੇ ਪਾਸੇ ਆੜਤੀਆਂ ਨਰਿੰਦਰ ਬਹਿਲ ਗੁਰਅਵਤਾਰ ਸਿੰਘ, ਬਲਦੇਵ ਸਿੰਘ ਆਦਿ ਦਾ ਕਹਿਣਾ ਹੈ ਕਿ ਮੰਡੀਆਂ ਚ ਕਿਸਾਨਾਂ ਨੂੰ 1509 ਦਾ ਸਹੀ ਰੇਟ ਮਿਲ ਰਿਹਾ ਹੈ ਤੇ ਸਰਕਾਰ ਭਾਵੇਂ ਸਰਕਾਰੀ ਖਰੀਦ ਕਰ ਦੇਵੇ ਸਾਨੂੰ ਕੋਈ ਨੁਕਸਾਨ ਨਹੀਂ ਆੜਤੀਆਂ ਨੇ ਤਾਂ ਆਪਣਾ ਕਮਿਸ਼ਨ ਲੈਣਾ ਹੁੰਦਾ ਹੈ। ਚਾਹੇ ਨਿੱਜੀ ਖਰੀਦ ਹੋਵੇ ਜਾਂ ਸਰਕਾਰੀ, ਇਹ ਫੈਸਲਾ ਸਰਕਾਰ ਨੇ ਕਰਨਾ ਹੈ।