Punjab Haryana High Court: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਟੋਮੋਬਾਈਲ ਹਾਦਸੇ ਵਿੱਚ ਪਿਤਾ ਦੀ ਮੌਤ ਲਈ ਮੁਆਵਜ਼ੇ ਲਈ ਦਾਇਰ ਕਰਨ ਵਾਲੀਆਂ ਭੈਣਾਂ ਦੀ ਅਪੀਲ ਨੂੰ ਮਨਜ਼ੂਰੀ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਵਿਆਹੀਆਂ ਧੀਆਂ ਵੀ ਮੁਆਵਜ਼ੇ ਦੀਆਂ ਹੱਕਦਾਰ ਹਨ। ਪਟੀਸ਼ਨ ਦਾਇਰ ਕਰਦਿਆਂ ਲੁਧਿਆਣਾ ਦੀ ਰਹਿਣ ਵਾਲੀ ਕਮਲਜੀਤ ਕੌਰ ਨੇ ਹਾਈਕੋਰਟ ਨੂੰ ਦੱਸਿਆ ਕਿ ਉਸ ਦੇ ਪਿਤਾ ਦੀ ਇੱਕ ਵਾਹਨ ਹਾਦਸੇ ਵਿੱਚ ਮੌਤ ਹੋ ਗਈ ਸੀ।
ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਮੁਆਵਜ਼ੇ ਲਈ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੋਲ ਪਹੁੰਚ ਕੀਤੀ ਸੀ। ਟ੍ਰਿਬਿਊਨਲ ਨੇ ਪਟੀਸ਼ਨਰ ਅਤੇ ਉਸ ਦੀ ਭੈਣ ਨੂੰ 25-25 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਜਾਰੀ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਖਿਲਾਫ਼ ਦੋਹਾਂ ਭੈਣਾਂ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਸੀ। ਅਪੀਲ ਦੀ ਸੁਣਵਾਈ ਦੌਰਾਨ ਬੀਮਾ ਕੰਪਨੀ ਨੇ ਦਲੀਲ ਦਿੱਤੀ ਕਿ ਵਿਆਹੀਆਂ ਧੀਆਂ ਪਿਤਾ ਨਾਲ ਨਹੀਂ ਰਹਿੰਦੀਆਂ, ਇਸ ਲਈ ਉਹ ਪਿਤਾ ਦੇ ਆਸ਼ਰਿਤ ਹੋਣ ਦੇ ਨਾਤੇ ਮੁਆਵਜ਼ੇ ਦੀਆਂ ਹੱਕਦਾਰ ਨਹੀਂ ਹਨ।
ਹਾਈ ਕੋਰਟ (High Court) ਨੇ ਬੀਮਾ ਕੰਪਨੀ ਦੀ ਦਲੀਲ ਨੂੰ ਖਾਰਜ਼ ਕਰਦਿਆਂ ਕਿਹਾ ਕਿ ਨਿਰਭਰ ਦਾ ਮਤਲਬ ਸਿਰਫ਼ ਵਿੱਤੀ ਨਹੀਂ ਲਿਆ ਜਾਣਾ ਚਾਹੀਦਾ। ਨਿਰਭਰ ਦੀ ਪਰਿਭਾਸ਼ਾ ਹਾਲਾਤਾਂ ਦੇ ਅਨੁਸਾਰ ਬਦਲਦੀ ਹੈ। ਹਾਈਕੋਰਟ ਨੇ ਦੋਵਾਂ ਭੈਣਾਂ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਮੁਆਵਜ਼ੇ ਦੀ ਰਕਮ ਵਧਾ ਕੇ ਡੇਢ ਲੱਖ ਕਰ ਦਿੱਤੀ ਅਤੇ ਦੋਵਾਂ ਭੈਣਾਂ ਨੂੰ ਬਰਾਬਰ ਵੰਡਣ ਦਾ ਹੁਕਮ ਦਿੱਤਾ।
ਦੱਸ ਦੇਈਏ ਇਸ ਤੋਂ ਪਹਿਲਾਂ ਕਰਨਾਟਕ ਹਾਈ ਕੋਰਟ ਨੇ ਕਿਹਾ ਹੈ ਕਿ ਵਿਆਹੀਆਂ ਧੀਆਂ ਵੀ ਹਾਦਸਿਆਂ ਵਿੱਚ ਆਪਣੇ ਮਾਤਾ-ਪਿਤਾ ਦੀ ਮੌਤ ਦੀ ਸਥਿਤੀ ਵਿੱਚ ਬੀਮਾ ਕੰਪਨੀਆਂ ਦੁਆਰਾ ਦਿੱਤੇ ਜਾਣ ਵਾਲੇ ਮੁਆਵਜ਼ੇ ਦੀਆਂ ਹੱਕਦਾਰ ਹਨ। ਹਾਈ ਕੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਵਿਆਹੇ ਪੁੱਤਰ ਵੀ ਮੁਆਵਜ਼ੇ ਦੇ ਹੱਕਦਾਰ ਹਨ। ਅਦਾਲਤ ਨੇ ਕਿਹਾ ਕਿ ਇਹ ਅਦਾਲਤ ਇਹ ਵੀ ਵਿਤਕਰਾ ਨਹੀਂ ਕਰ ਸਕਦੀ ਕਿ ਉਹ ਵਿਆਹੇ ਪੁੱਤਰ ਹਨ ਜਾਂ ਵਿਆਹੀ ਧੀਆਂ। ਅਤੇ ਇਸ ਲਈ, ਇਹ ਦਲੀਲ ਸਵੀਕਾਰ ਨਹੀਂ ਕੀਤੀ ਜਾ ਸਕਦੀ ਕਿ ਮ੍ਰਿਤਕ ਦੀਆਂ ਵਿਆਹੀਆਂ ਧੀਆਂ ਮੁਆਵਜ਼ੇ ਦੀਆਂ ਹੱਕਦਾਰ ਨਹੀਂ ਹਨ।