ਫ਼ਰੀਦਕੋਟ: ਬਹੁਚਰਚਿਤ ਬਹਿਬਲ ਗੋਲੀ ਕਾਂਡ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਫ਼ਰੀਦਕੋਟ ਦੇ ਐਡਵੋਕੇਟ ਸੁਹੇਲ ਸਿੰਘ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੈਂਬਰ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੁਹੇਲ ਸਿੰਘ ਬਰਾੜ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਸੁਹੇਲ ਸਿੰਘ ਬਰਾੜ ਦੀ ਗ੍ਰਿਫਤਾਰੀ ਨਾਲ ਵੱਡੇ ਖੁਲਾਸੇ ਹੋਣਗੇ।


ਯਾਦ ਰਹੇ ਬਰਾੜ ਦੀ ਲਾਇਸੈਂਸੀ ਰਾਈਫਲ ਪੁਲਿਸ ਨੇ ਕਥਿਤ ਜਿਪਸੀ ਵਿੱਚ ਗੋਲੀਆਂ ਮਾਰਨ ਲਈ ਵਰਤੀ ਸੀ। ਪੁਲਿਸ ਨੇ ਹਾਲਾਂਕਿ ਮਗਰੋਂ ਦਾਅਵਾ ਕੀਤਾ ਸੀ ਕਿ ਜਿਪਸੀ ’ਚ ਗੋਲੀਆਂ ਧਰਨਾਕਾਰੀਆਂ ਨੇ ਮਾਰੀਆਂ ਹਨ। ਪੁਲਿਸ ਨੇ ਸਵੈ-ਰੱਖਿਆ ਲਈ ਫਾਇਰਿੰਗ ਕੀਤੀ।

ਦਰਅਸਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਸੰਗਤਾਂ ਨੇ ਬਹਿਬਲ ਕਲਾਂ ਵਿੱਚ ਧਰਨਾ ਦਿੱਤਾ ਹੋਇਆ ਸੀ, ਜਿੱਥੇ ਪੁਲਿਸ ਦੀ ਗੋਲੀ ਨਾਲ ਕ੍ਰਿਸ਼ਨ ਭਗਵਾਨ ਤੇ ਗੁਰਜੀਤ ਸਿੰਘ ਨਾਂ ਦੇ ਨੌਜਵਾਨਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਨ੍ਹਾਂ ਮੌਤਾਂ ਨੂੰ ਜਾਇਜ਼ ਠਹਿਰਾਉਣ ਲਈ ਦਾਅਵਾ ਕੀਤਾ ਸੀ ਕਿ ਬਹਿਬਲ ਕਲਾਂ ’ਚ ਇਕੱਠੀ ਹੋਈ ਭੀੜ ਨੇ ਪੁਲਿਸ ਉੱਪਰ ਗੋਲੀਆਂ ਚਲਾਈਆਂ। ਉਨ੍ਹਾਂ ਨੇ ਸਬੂਤ ਵਜੋਂ ਜਿਪਸੀ ਸਰਕਾਰ ਸਾਹਮਣੇ ਪੇਸ਼ ਕੀਤੀ।

ਸਿੱਟ ਨੇ ਆਪਣੀ ਪੜਤਾਲ ’ਚ ਦਾਅਵਾ ਕੀਤਾ ਹੈ ਕਿ ਪੁਲਿਸ ਦੀ ਜਿਪਸੀ ਉੱਪਰ ਗੋਲੀਆਂ ਲੋਕਾਂ ਨੇ ਨਹੀਂ, ਬਲਕਿ ਪੁਲੀਸ ਨੇ ਖੁਦ ਮਾਰੀਆਂ ਹਨ ਅਤੇ ਇਹ ਗੋਲੀਆਂ ਘਟਨਾ ਸਥਾਨ ’ਤੇ ਨਹੀਂ ਤੇ ਫ਼ਰੀਦਕੋਟ ’ਚ ਇੱਕ ਵਰਕਸ਼ਾਪ ’ਤੇ ਲਿਆ ਕੇ ਮਾਰੀਆਂ ਗਈਆਂ ਸਨ। ਸੁਹੇਲ ਸਿੰਘ ਬਰਾੜ ਨੂੰ ਫਰਵਰੀ 2019 ’ਚ ਜਾਂਚ ਟੀਮ ਨੇ ਗਵਾਹ ਬਣਾ ਲਿਆ ਸੀ ਤੇ ਅਦਾਲਤ ’ਚ ਉਸ ਨੇ 164 ਸੀਆਰਪੀਸੀ ਤਹਿਤ ਬਿਆਨ ਦਰਜ ਕਰਵਾਇਆ ਸੀ, ਪ੍ਰੰਤੂ ਹੁਣ ਪੁਲੀਸ ਨੇ ਸੁਹੇਲ ਸਿੰਘ ਬਰਾੜ ਨੂੰ ਬਹਿਬਲ ਗੋਲੀ ਕਾਂਡ ’ਚ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਹੈ। ਸੁਹੇਲ ਸਿੰਘ ਬਰਾੜ ਦੇ ਅਕਾਲੀਆਂ ਤੇ ਕਾਂਗਰਸੀਆਂ ਨਾਲ ਗੂੜੇ ਸਬੰਧ ਹਨ।

ਅਕਾਲੀ ਆਗੂ ਜਗਮੀਤ ਸਿੰਘ ਬਰਾੜ ਦਾ ਇਸ ਪਰਿਵਾਰ ਨਾਲ ਕਾਫੀ ਗੂੜ੍ਹਾ ਰਿਸ਼ਤਾ ਹੈ। ਸੁਹੇਲ ਸਿੰਘ ਦੇ ਪਿਤਾ ਸੁਰਿੰਦਰ ਇਕਬਾਲ ਸਿੰਘ ਬਰਾੜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ ਅਤੇ ਬਾਅਦ ’ਚ ਉਹ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਇਸ ਤੋਂ ਪਹਿਲਾਂ ਜਾਂਚ ਟੀਮ ਫ਼ਰੀਦਕੋਟ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਦੋਂ ਕਿ ਐਸਪੀ ਬਿਕਰਮ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਤੇ ਬਾਜਾਖਾਨਾ ਥਾਣੇ ਦੇ ਸਾਬਕਾ ਐੇਸਐਚਓ ਅਮਰਜੀਤ ਸਿੰਘ ਕੁਲਾਰ ਦੀ ਗ੍ਰਿਫਤਾਰੀ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੋਕ ਲਾਈ ਹੋਈ ਹੈ।