ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੁਣ ਗੀਤਾਂ ਕਰਕੇ ਘੱਟ ਤੇ ਵਿਵਾਦਾਂ ਕਰਕੇ ਵੱਧ ਚਰਚਾ ਵਿੱਚ ਹੈ। ਉਸ ਖਿਲਾਫ ਕੇਸ ਦਰਜ ਹੋਣ ਮਗਰੋਂ ਮਾਮਲਾ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਪਹੁੰਚ ਗਿਆ ਹੈ। ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸ਼ਿਕਾਇਤ ਕੀਤੀ ਹੈ। ਯੂਨੀਅਨ ਦੇ ਵਫਦ ਨੇ ਮੰਗਲਵਾਰ ਨੂੰ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨਾਲ ਮੁਲਾਕਾਤ ਕੀਤੀ।


ਵਫਦ ਨੇ ਯੂਨੀਅਨ ਵੱਲੋਂ ਸਿੱਧੂ ਮੂਸੇਵਾਲਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਦਿੱਤਾ। ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਨੂੰ ਸਿੱਧੇ ਤੌਰ ’ਤੇ ਧਮਕੀ ਦਿੱਤੀ ਗਈ ਹੈ ਜਿਸ ਖਿਲਾਫ ਫੌਰੀ ਕਾਰਵਾਈ ਕੀਤੀ ਜਾਵੇ। ਸਿੱਧੂ ਮੂਸੇਵਾਲਾ ਖ਼ਿਲਾਫ਼ ਪੰਜਾਬ ਭਰ ਵਿੱਚ ਮੀਡੀਆ ਜਥੇਬੰਦੀਆਂ ਵੱਲੋਂ ਕਾਰਵਾਈ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਸ਼ਰੇਆਮ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਹਨ। ਇਹ ਵੀ ਹੈਰਾਨੀ ਦੀ ਗੱਲ਼ ਹੈ ਕਿ ਪੁਲਿਸ ਉਸ ਖਿਲਾਫ ਕੇਸ ਦਰਜ ਹੋਣ ਮਗਰੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ ਪਿਛਲੇ ਦਿਨੀਂ ਕੁਝ ਸੰਸਥਾਵਾਂ ਨੇ ਕੈਪਟਨ ਨੂੰ ਚਿੱਠੀ ਲਿਖ ਸਿੱਧੂ ਮੂਸੇਵਾਲਾ ਨੂੰ ਪੰਜਾਬ ਦਾ ਡੀਜੀਪੀ ਲਾ ਦੇਣ ਲਈ ਮੰਗ ਕੀਤੀ ਸੀ।