ਫਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ਦੇ ਵਿਰੋਧ ਵਿੱਚ ਦੇਰ ਰਾਤ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਤੋਂ ਲਾਇਆ ਗਿਆ ਮੋਰਚਾ ਹਟਾ ਲਿਆ ਗਿਆ ਹੈ। ਇਨਸਾਫ਼ ਨਾ ਮਿਲਣ ਕਾਰਨ ਪੀੜਤਾਂ ਨੇ ਕੌਮੀ ਮਾਰਗ ’ਤੇ ਜਾਮ ਲਾ ਦਿੱਤਾ ਸੀ ਜਿਸ ਤੋਂ ਬਾਅਦ ਆਵਾਜਾਈ ਬੁਰੀ ਤਰ੍ਹਾਂ ਠੱਪ ਹੋ ਗਈ ਸੀ। ਜਾਮ ਦਾ ਮਾਮਲਾ ਜਦੋਂ ਸੀਐਮ ਭਗਵੰਤ ਮਾਨ ਤੱਕ ਪਹੁੰਚਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਵਿੱਚ ਸ਼ਾਮਲ ਸਰਕਾਰੀ ਵਕੀਲਾਂ ਦੀ ਟੀਮ ਨੂੰ ਉੱਥੇ ਭੇਜਿਆ।



ਸਰਕਾਰੀ ਵਕੀਲਾਂ ਨੇ ਸਰਕਾਰ ਤਰਫ਼ੋਂ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਤਿੰਨ ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਵਕੀਲਾਂ ਨੇ ਕਿਹਾ ਕਿ ਉਹ ਐਸਆਈਟੀ ਦੀ ਜਾਂਚ ਬਾਰੇ ਅਪਡੇਟ ਲੈਣਗੇ। ਸੀਐਮ ਮਾਨ ਨੇ ਕਿਹਾ ਹੈ ਕਿ ਬੇਅਦਬੀ ਤੇ ਗੋਲੀਬਾਰੀ ਦੇ ਮਾਮਲਿਆਂ ਵਿੱਚ 'ਆਪ' ਸਰਕਾਰ ਹਰ ਕੀਮਤ 'ਤੇ ਇਨਸਾਫ਼ ਕਰੇਗੀ ਜਿਸ ਤੋਂ ਬਾਅਦ ਪੀੜਤਾਂ ਨੇ ਹਾਈਵੇਅ ਤੋਂ ਧਰਨਾ ਹਟਾ ਕੇ ਪੁਰਾਣੀ ਜਗ੍ਹਾ 'ਤੇ ਲੈ ਗਏ।

ਉਧਰ, ਕਾਂਗਰਸੀ ਆਗੂ ਨਵਜੋਤ ਸਿੱਧੂ ਵੀ ਪੀੜਤਾਂ ਦੇ ਧਰਨੇ ਵਿੱਚ ਪੁੱਜੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ 24 ਘੰਟਿਆਂ ਵਿੱਚ ਬੇਅਦਬੀ ਦਾ ਇਨਸਾਫ਼ ਦੇਣਗੇ। ਜੇਕਰ ਉਨ੍ਹਾਂ ਦੀ ਗੱਲ ਸੱਚੀ ਹੈ ਤਾਂ ਕਾਰਵਾਈ ਕਰੋ। ਸਿੱਧੂ ਨੇ ਕਿਹਾ ਕਿ ਹੁਣ ਜਾਂਚ ਏਜੰਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੈ। ਜਿਸ ਨੇ ਗੋਲੀ ਕਾਂਡ ਦੇ ਦੋਸ਼ੀਆਂ ਦੇ ਨਾਂ ਦੱਸੇ, ਉਹ (ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ) ਵੀ 'ਆਪ' ਦਾ ਵਿਧਾਇਕ ਹੈ। ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਵੀ ‘ਆਪ’ ਨਾਲ ਸਬੰਧਤ ਹਨ, ਇਸ ਲਈ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਸਰਕਾਰ ਬਣੀ ਨੂੰ 24 ਦਿਨ ਬੀਤ ਚੁੱਕੇ ਹਨ।

ਇਹ ਹੈ ਪੂਰਾ ਮਾਮਲਾ?
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਬਹਿਬਲ ਕਲਾਂ ਵਿੱਚ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੇ ਬਾਵਜੂਦ ਪੁਲਿਸ ਨੇ ਗੋਲੀ ਚਲਾ ਦਿੱਤੀ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। 6 ਸਾਲ ਬੀਤ ਚੁੱਕੇ ਹਨ ਪਰ ਅੱਜ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਪੁਲੀਸ ਨੇ ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਸਮੇਤ ਕੁਝ ਹੋਰ ਪੁਲੀਸ ਅਧਿਕਾਰੀਆਂ ਨੂੰ ਮੁਲਜ਼ਮ ਬਣਾਇਆ ਹੈ ਪਰ ਅੱਜ ਤੱਕ ਕਿਸੇ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।