ਚੰਡੀਗੜ੍ਹ: ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਬਣਨ ਤੋਂ ਬਾਅਦ ਇਕ ਤੋਂ ਬਾਅਦ ਇਕ ਐਲਾਨ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਹੋਰ ਵੱਡਾ ਐਲਾਨ ਕਰ ਦਿੱਤਾ। ਮਾਨ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਸੇਵਾ ਮਿਆਦ ਨੂੰ ਇੱਕ ਸਾਲ ਯਾਨੀ 31 ਮਾਰਚ 2023 ਤੱਕ ਵਧਾਉਣ ਦਾ ਫ਼ਰਮਾਨ ਜਾਰੀ ਕੀਤਾ ਹੈ। ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਭੇਜ ਦਿੱਤਾ ਗਿਆ ਹੈ।


ਭਰਤੀ ਹੋਣ ਤੱਕ ਸੇਵਾ ਵਧਾਈ ਜਾਵੇਗੀ
ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਠੇਕੇ ਦੀ ਪੋਸਟ ’ਤੇ ਰੈਗੂਲਰ ਭਰਤੀ ਲਈ ਸਮਾਂ ਲੱਗਦਾ ਹੈ ਤਾਂ ਉਨ੍ਹਾਂ ਦੀ ਸੇਵਾ ਕਾਲ ਵਿੱਚ ਵਾਧਾ ਕੀਤਾ ਜਾਵੇ। ਵਿਭਾਗ ਨੂੰ ਲੋੜ ਪੈਣ 'ਤੇ ਵੀ ਇਹ ਫੈਸਲਾ ਲਿਆ ਜਾ ਸਕਦਾ ਹੈ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕਾਨੂੰਨ ਲਿਆਉਣ ਤੱਕ ਇਨ੍ਹਾਂ ਮੁਲਾਜ਼ਮਾਂ ਦੀ ਸੇਵਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਕਈ ਵਿਭਾਗਾਂ ਵਿੱਚ ਠੇਕਾ ਮੁਲਾਜ਼ਮਾਂ ਦੀ ਥਾਂ ’ਤੇ ਰੈਗੂਲਰ ਭਰਤੀ ਨਹੀਂ ਕੀਤੀ ਗਈ। ਇਸ ਲਈ ਜੇਕਰ ਰੈਗੂਲਰ ਭਰਤੀ ਵਿੱਚ ਸਮਾਂ ਲੱਗਦਾ ਹੈ ਤਾਂ ਠੇਕਾ ਵਧਾਇਆ ਜਾਵੇ।


25 ਹਜ਼ਾਰ ਸਰਕਾਰੀ ਨੌਕਰੀਆਂ ਕਰਨ ਦਾ ਐਲਾਨ ਤੇ 35 ਹਜ਼ਾਰ ਪੱਕਾ
ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ 25 ਹਜ਼ਾਰ ਸਰਕਾਰੀ ਨੌਕਰੀਆਂ ਦੇਵੇਗੀ। ਇਸ ਦਾ ਇਸ਼ਤਿਹਾਰ ਇੱਕ ਮਹੀਨੇ ਦੇ ਅੰਦਰ ਜਾਰੀ ਕਰ ਦਿੱਤਾ ਜਾਵੇਗਾ। ਇਸ ਸਬੰਧੀ ਫੈਸਲਾ ਵੀ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਇਸ ਦੇ ਨਾਲ ਹੀ ਠੇਕੇ ’ਤੇ ਕੰਮ ਕਰਦੇ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ। ਹਾਲਾਂਕਿ ਐਲਾਨ ਤੋਂ ਬਾਅਦ ਇਸ ਸਬੰਧੀ ਕੋਈ ਹੋਰ ਕਾਰਵਾਈ ਨਹੀਂ ਕੀਤੀ ਗਈ।