ਫਰੀਦਕੋਟ: ਬਹਿਬਲਕਲਾਂ ਗੋਲੀ ਕਾਂਡ ਮਾਮਲੇ ਵਿੱਚ ਘਿਰੇ ਸਾਬਕਾ ਐਸਐਸਪੀ ਮੋਗਾ ਚਰਨਜੀਤ ਸ਼ਰਮਾ ਨੂੰ ਅੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਜਸਟਿਸ ਚੇਤਨ ਸ਼ਰਮਾ ਸਾਹਮਣੇ ਪੇਸ਼ ਕੀਤਾ ਗਿਆ। ਇੱਥੇ ਜੱਜ ਨੇ ਫਿਰ ਅਗਲੀ ਪੇਸ਼ੀ ਦੀ ਤਾਰੀਖ ਪਾ ਦਿੱਤੀ ਹੈ। ਚਰਨਜੀਤ ਸ਼ਰਮਾ 14 ਮਈ ਨੂੰ ਫਿਰ ਅਦਾਲਤ ਵਿੱਚ ਪੇਸ਼ ਹੋਣਗੇ।

ਦੱਸ ਦੇਈਏ ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ ਸਬੰਧੀ ਚਰਨਜੀਤ ਸ਼ਰਮਾ ਨੂੰ 27 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸਪੈਸ਼ਲ ਇੰਵੈਸਟੀਗੇਸ਼ਨ ਟੀਮ (SIT) ਵੱਲੋਂ ਸ਼ਰਮਾ ਖਿਲਾਫ ਚਾਰਜਸ਼ੀਟ ਪੇਸ਼ ਕੀਤੇ ਜਾਣ ਮਗਰੋਂ ਅੱਜ ਉਨ੍ਹਾਂ ਨੂੰ ਫ਼ਰੀਦਕੋਟ ਅਦਾਲਤ ਲਿਆਂਦਾ ਗਿਆ। ਉਹ ਪਟਿਆਲਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਚੱਲ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਚਰਨਜੀਤ ਸ਼ਰਮਾ ਦੇ ਵਕੀਲ ਨਰਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੀ ਪੇਸ਼ੀ ਦੌਰਾਨ ਉਨ੍ਹਾਂ SIT ਤੋਂ ਚਲਾਨ ਦੀ ਪੂਰੀ ਕਾਪੀ ਦੀ ਮੰਗ ਕੀਤੀ ਸੀ ਜੋ ਉਨ੍ਹਾਂ ਨੂੰ ਮਿਲ ਗਈ ਹੈ। ਇਸ ਤੋਂ ਇਲਾਵਾ ਮਾਮਲੇ ਸਬੰਧੀ ਹੁਣ ਤਕ ਬਣੇ ਜਾਂਚ ਕਮਿਸ਼ਨ ਜਾਂ ਜਾਂਚ ਟੀਮਾਂ ਵੱਲੋਂ ਚਰਨਜੀਤ ਸ਼ਰਮਾ ਦੇ ਦਰਜ ਬਿਆਨਾਂ ਦੀ ਕਾਪੀ ਵੀ ਮੰਗੀ ਗਈ ਹੈ।