ਫਰੀਦਕੋਟ: ਕਿਸਾਨਾਂ ਨੇ ਫਰੀਦਕੋਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਬੁਰੀ ਤਰ੍ਹਾਂ ਘੇਰਿਆ। ਰਣੀਕੇ ਕਿਸਾਨਾਂ ਦੇ ਸਵਾਲਾਂ ਦੀ ਕੋਈ ਵਾਬ ਨਾ ਦੇ ਸਕੇ ਤੇ ਚੁੱਪ-ਚੁਪੀਤੇ ਖਿਸਕ ਗਏ। ਦਰਅਸਲ ਕਿਸਾਨ ਰਣੀਕੇ ਨੂੰ ਪੁੱਛ ਰਹੇ ਸੀ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੈ। ਇਸ ਦੇ ਬਾਵਜੂਦ ਕਿਸਾਨਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ।


ਰਣੀਕੇ ਲੰਘੇ ਦਿਨ ਪਿੰਡ ਰੋੜੀਕਪੂਰਾ ਪਹੁੰਚੇ ਸੀ। ਉਹ ਚੋਣ ਜਲਸੇ ਨੂੰ ਸੰਬਧਨ ਕਰਕੇ ਜਾਣ ਲੱਗੇ ਤਾਂ ਸਾਹਮਣੇ ਧਰਨੇ ’ਤੇ ਬੈਠੇ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੇ ਘੇਰ ਲਿਆ। ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਬੈਂਕ ਖਾਤਿਆਂ ਵਿੱਚ 15-15 ਲੱਖ ਨਾ ਆਉਣ ਬਾਰੇ ਪੁੱਛਿਆ। ਕਿਸਾਨਾਂ ਨੇ ਪੁੱਛਿਆ ਕਿ ਚੋਣ ਵਾਅਦੇ ਅਨੁਸਾਰ ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ। ਕਿਸਾਨ ਖ਼ੁਦਕੁਸ਼ੀਆਂ ਦੇ ਹੱਲ ਲਈ ਠੋਸ ਨੀਤੀ ਦੀ ਥਾਂ ਛੇ-ਛੇ ਹਜ਼ਾਰ ਰੁਪਏ ਸਾਲਾਨਾ ਦੇ ਕੇ ਅੰਨ ਦਾਤਿਆਂ ਦਾ ਮੌਜੂ ਉਡਾਉਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ।

ਰਣੀਕੇ ਨੇ ਗੱਲਬਾਤ ਤੋਂ ਪਹਿਲਾਂ ਸ਼ਰਤ ਰੱਖੀ ਕਿ ਉਹ ਪ੍ਰਸ਼ਨ ਤਾਂ ਸੁਣਨਗੇ ਜੇ ਵੀਡੀਓ ਬਣਾ ਰਹੇ ਮੋਬਾਈਲ ਫੋਨ ਬੰਦ ਕਰਵਾਏ ਜਾਣ। ਇਸ ਦੌਰਾਨ ਕੁਝ ਅਕਾਲੀ ਵਰਕਰਾਂ ਤੇ ਕਿਸਾਨਾਂ ’ਚ ਬਹਿਸ ਹੋਣ ’ਤੇ ਰਣੀਕੇ ਮੌਕਾ ਦੇਖ ਕੇ ਖਿਸਕ ਗਏ। ਇਹ ਦੇਖ ਕਿਸਾਨਾਂ ਨੇ ਰਣੀਕੇ, ਅਕਾਲੀ ਦਲ ਤੇ ਬੀਜੇਪੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।