ਬਰਨਾਲਾ: ਭਦੌੜ ਦੇ ਸਰਕਾਰੀ ਹਸਪਤਾਲ ਵਿੱਚ ਡਿਊਟੀ 'ਤੇ ਤਾਇਨਾਤ ਮੈਡੀਕਲ ਅਫ਼ਸਰ ਬਿਕਰਮਜੀਤ ਸਿੰਘ ਨਸ਼ੇ ਦੀ ਹਾਲਤ ਵਿੱਚ ਪਾਏ ਗਏ। ਦਰਅਸਲ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੂੰ ਹਸਪਤਾਲ ਦੇ ਸ਼ਰਾਬੀ ਡਾਕਟਰ ਸਬੰਧੀ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀ। ਉਨ੍ਹਾਂ ਨੇ ਅੱਜ ਲਾਈਵ ਹੋ ਕੇ ਸਿਵਲ ਹਸਪਤਾਲ ਭਦੌੜ ਵਿੱਚ ਛਾਪਾ ਮਾਰਿਆ ਤੇ ਸਰਕਾਰੀ ਡਾਕਟਰ ਨੂੰ ਸ਼ਰਾਬੀ ਹਾਲਤ ਵਿੱਚ ਰੰਗੇ ਹੱਥੀਂ ਫੜਿਆ। ਛਾਪੇ ਦੌਰਾਨ ਜਦੋਂ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਡਾਕਟਰ ਨਾਲ ਗੱਲ ਕਰਨੀ ਚਾਹੀ ਤਾਂ ਡਾਕਟਰ ਵਿਧਾਇਕ ਨਾਲ ਗਲਤ ਢੰਗ ਨਾਲ ਪੇਸ਼ ਆਏ। ਇਸ ਪਿੱਛੋਂ ਵਿਧਾਇਕ ਧੌਲਾ ਨੇ ਸਿਵਲ ਸਰਜਨ ਬਰਨਾਲਾ ਨੂੰ ਇਸ ਬਾਰੇ ਸੂਚਿਤ ਕੀਤਾ ਕੇ ਡਾਕਟਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਦੱਸ ਦੇਈਏ ਪਿਛਲੇ ਲੰਬੇ ਸਮੇਂ ਤੋਂ ਡਾਕਟਰਾਂ ਦੀ ਘਾਟ ਦੇ ਮੱਦੇਨਜ਼ਰ ਅਕਸਰ ਮਰੀਜ਼ਾਂ ਨੂੰ ਇਲਾਜ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਲਈ ਭਦੌੜ ਦਾ ਸਰਕਾਰੀ ਹਸਪਤਾਲ ਅਕਸਰ ਹੀ ਸੁਰਖ਼ੀਆਂ 'ਚ ਰਹਿੰਦਾ ਹੈ। ਭਦੌੜ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਪਹਿਲਾਂ ਹੀ ਘਾਟ ਹੈ ਪਰ ਜੋ ਡਾਕਟਰ ਇੱਥੇ ਮੌਜੂਦ ਹੈ, ਉਹ ਵੀ ਡਿਊਟੀ ਦੌਰਾਨ ਅਕਸਰ ਨਸ਼ੇ ਵਿੱਚ ਟੱਲੀ ਰਹਿੰਦੇ ਹੈ ਜਿਸ ਕਰਕੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਡੀਕਲ ਅਫ਼ਸਰ ਬਿਕਰਮਜੀਤ ਸਿੰਘ ਅਕਸਰ ਹੀ ਡਿਊਟੀ ਸਮੇਂ ਸ਼ਰਾਬ ਦੇ ਨਸ਼ੇ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਹਸਪਤਾਲ ਨੂੰ ਸ਼ਰਾਬਖ਼ਾਨਾ ਬਣਾ ਰੱਖਿਆ ਹੈ। ਉਨ੍ਹਾਂ ਨੂੰ ਅਕਸਰ ਹੀ ਡਿਊਟੀ ਸਮੇਂ ਹਸਪਤਾਲ ਤੇ ਸਰਕਾਰੀ ਕਵਾਟਰਾਂ ਵਿੱਚ ਸ਼ਰਾਬ ਪੀਂਦੇ ਦੇਖਿਆ ਜਾ ਸਕਦਾ ਹੈ। ਇਸ ਸਬੰਧੀ ਮੈਡੀਕਲ ਅਫ਼ਸਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਉਹ ਬਹੁਤ ਵਧੀਆ ਕੰਮ ਕਰ ਕੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਕਦੇ ਵੀ ਗਰੀਬ ਮਰੀਜ਼ਾਂ ਲਈ ਮਹਿੰਗੇ ਭਾਅ ਦੀ ਦਵਾਈ ਨਹੀਂ ਲਿਖੀ। ਉੱਧਰ ਭਦੌੜ ਦਾ ਵਾਧੂ ਚਾਰਜ ਦੇਖ ਰਹੇ ਐਸਐਮਓ ਡਾ. ਰਾਜ ਕੁਮਾਰ ਨੇ ਕਿਹਾ ਕਿ ਮਹਿਕਮੇ ਨੂੰ ਕਾਰਵਾਈ ਲਈ ਲਿਖ਼ਤੀ ਸ਼ਿਕਾਇਤ ਭੇਜ ਦਿੱਤੀ ਗਈ ਹੈ।