ਸ਼ਹੀਦ ਭਗਤ ਸਿੰਘ ਦਾ ਪਿਸਤੌਲ ਵੇਖਣ ਦੀ ਹੁਣ ਪੂਰੀ ਹੋਈ ਰੀਝ
ਏਬੀਪੀ ਸਾਂਝਾ | 28 May 2018 11:31 AM (IST)
ਚੰਡੀਗੜ੍ਹ: ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਚੰਗੀ ਤਰ੍ਹਾਂ ਵੇਖਣ ਦੀ ਰੀਝ ਪੂਰੀ ਹੋ ਗਈ ਹੈ। ਹੁਸੈਨੀਵਾਲਾ ਸਥਿਤ ਬੀਐਸਐਫ ਦੇ ਅਜਾਇਬਘਰ ’ਚ ਆਉਣ ਵਾਲੇ ਸੈਲਾਨੀ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਸਹੀ ਢੰਗ ਨਾਲ ਦੇਖ ਸਕਣਗੇ। ਸੈਲਾਨੀ ਹੁਣ ਇਸ ਨਾਲ ਸੈਲਫੀ ਵੀ ਖਿੱਚ ਸਕਣਗੇ। ਬੀਐਸਐਫ ਵੱਲੋਂ ਸ਼ਹੀਦ ਦੇ ਪਿਸਤੌਲ ਨੂੰ ਮੌਜੂਦਾ ਛੋਟੇ ਬਕਸੇ ਦੀ ਥਾਂ ਹੁਣ ਨਵੇਂ ਬਕਸੇ ਵਿੱਚ ਰੱਖਿਆ ਜਾਵੇਗਾ। ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਡਾਇਰੈਕਟਰ ਜਨਰਲ ਕੇਕੇ ਸ਼ਰਮਾ ਨੇ ਦੱਸਿਆ ਕਿ ਅਜਾਇਬਘਰ ’ਚ ਸ਼ਹੀਦ ਦਾ ਪਿਸਤੌਲ ਇਸ ਢੰਗ ਨਾਲ ਰੱਖਿਆ ਜਾਵੇਗਾ ਕਿ ਇੱਥੇ ਆਉਣ ਵਾਲੇ ਲੋਕ ਇਸ ਨੂੰ ਸਹੀ ਢੰਗ ਨਾਲ ਦੇਖ ਸਕਣ ਤੇ ਇਸ ਨਾਲ ਸੈਲਫੀ ਵੀ ਖਿੱਚ ਸਕਣ। ਉਨ੍ਹਾਂ ਬੀਐਸਐਫ ਦੇ ਪੰਜਾਬ ਫਰੰਟੀਅਰ ਦੇ ਆਈਜੀ ਨੂੰ ਇਸ ਸਬੰਧੀ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਸ਼ਹੀਦ ਦੇ ਪਿਸਤੌਲ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਜਾਵੇ। ਇਸ ਪਿਸਤੌਲ ਦਾ ਬਕਸਾ ਨਾ-ਟੁੱਟਣਯੋਗ ਕੱਚ ਦਾ ਬਣਿਆ ਹੋਵੇ ਤੇ ਇਸ ਦੀ ਪੂਰੀ ਸੁਰੱਖਿਆ ਕੀਤੀ ਜਾਵੇ। ਇਸ ਸਮੇਂ ਇਹ ਪਿਸਤੌਲ ਕੱਚ ਤੇ ਐਲੂਮੀਨੀਅਮ ਦੀਆਂ ਗਰਿੱਲਾਂ ਨਾਲ ਬਣੇ ਬਕਸੇ ’ਚ ਰੱਖਿਆ ਹੋਇਆ ਹੈ। ਇੱਥੇ ਆਉਣ ਵਾਲੇ ਸੈਲਾਨੀਆਂ, ਜਿਨ੍ਹਾਂ ’ਚ ਇਤਿਹਾਸਕਾਰ ਤੇ ਮੀਡੀਆਕਰਮੀ ਵੀ ਸ਼ਾਮਲ ਹਨ, ਨੇ ਕਈ ਵਾਰ ਮੰਗ ਕੀਤੀ ਸੀ ਕਿ ਇਸ ਪਿਸਤੌਲ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਜਾਵੇ। ਜ਼ਿਕਰਯੋਗ ਹੈ ਇਹ ਉਹ ਪਿਸਤੌਲ ਹੈ ਜਿਸ ਨਾਲ ਸ਼ਹੀਦ ਭਗਤ ਸਿੰਘ ਨੇ 17 ਦਸੰਬਰ, 1928 ਨੂੰ ਬਰਤਾਨਵੀ ਪੁਲੀਸ ਅਫਸਰ ਜੇਪੀ ਸਾਂਡਰਸ ਨੂੰ ਗੋਲੀ ਮਾਰੀ ਸੀ। ਇਹ ਪਿਸਤੌਲ ਲਾਪਤਾ ਹੋਣ ਮਗਰੋਂ ਨਵੰਬਰ 2016 ’ਚ ਇੰਦੌਰ ਦੇ ਅਜਾਇਬਘਰ ਤੋਂ ਬਰਾਮਦ ਹੋਇਆ ਸੀ।