ਸ਼ਾਹਕੋਟ ਜ਼ਿਮਨੀ ਚੋਣ: 3 ਵੋਟਿੰਗ ਮਸ਼ੀਨਾਂ ’ਚ ਖ਼ਰਾਬੀ, 9 ਵਜੇ ਤਕ 5 ਫ਼ੀਸਦੀ ਵੋਟਿੰਗ
ਏਬੀਪੀ ਸਾਂਝਾ | 28 May 2018 09:43 AM (IST)
ਚੰਡੀਗੜ੍ਹ: ਸ਼ਾਹਕੋਟ ਵਿੱਚ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ। ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ। 9 ਵਜੇ ਤਕ ਕਰੀਬ 5 ਫ਼ੀਸਦੀ ਵੋਟਾਂ ਪਈਆਂ। ਜਾਣਕਾਰੀ ਮੁਤਾਬਕ ਸ਼ਾਹਕੋਟ ਵਿੱਚ ਕੁੱਲ 236 ਪੋਲਿੰਗ ਬੂਥ ਬਣਾਏ ਗਏ। ਇਨ੍ਹਾਂ ਵਿੱਚੋਂ 3 ਬੂਥਾਂ (169, 170 ਤੇ 222) ’ਤੇ ਵੋਟਿੰਗ ਮਸ਼ੀਨਾਂ ਵਿੱਚ ਖ਼ਰਾਬੀ ਪਾਈ ਗਈ ਪਰ ਬਾਅਦ ਵਿੱਚ ਮਸ਼ੀਨਾਂ ਬਦਲ ਦਿੱਤੀਆਂ ਗਈਆਂ। ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੇ ਆਪਣੇ ਪਿੰਡ ਕੋਹਾੜ ਕਲਾਂ ਤੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ ਸਾਹਲਾ ਪੱਤੀ ’ਚ ਆਪਣੀ ਵੋਟ ਪਾਈ। ਆਪ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵੱਲੋਂ ਵੋਟ ਪਾਉਣੀ ਅਜੇ ਬਾਕੀ ਹੈ। ਵੋਟਾਂ ਦੇ ਚੱਲਦਿਆਂ ਸ਼ਾਹਕੋਟ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਾਹਕੋਟ ਨੂੰ ਆਉਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕੌਣ-ਕੌਣ ਹੈ ਚੋਣ ਮੈਦਾਨ ਵਿੱਚ ਕਾਂਗਰਸ ਨੇ ਆਪਣਾ ਉਮੀਦਵਾਰ ਲਾਡੀ ਸ਼ੋਰੋਵਾਲਿਆਂ ਨੂੰ ਬਣਾਇਆ ਹੈ। ਉਮੀਦਵਾਰ ਐਲਾਨੇ ਜਾਣ ਤੋਂ ਦੋ ਦਿਨ ਬਾਅਦ ਹੀ ਲਾਡੀ ਖਿਲਾਫ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਹੋ ਗਿਆ। ਉਸ ਤੋਂ ਬਾਅਦ ਮਾਮਲਾ ਦਰਜ ਕਰਨ ਵਾਲੇ ਐਸਐਚਓ ਪਰਮਿੰਦਰ ਬਾਜਵਾ ਵੱਲੋਂ ਪਹਿਲਾਂ ਅਸਤੀਫਾ ਦੇਣਾ ਤੇ ਫੇਰ ਵਾਪਿਸ ਲੈਣਾ, ਸੁਰਖੀਆਂ ਬਣ ਗਇਆ। ਲਾਡੀ ਪ੍ਰਚਾਰ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਏ ਤੇ ਇਹ ਮੁੱਦਾ ਹੀ ਸ਼ਾਹਕੋਟ ਜ਼ਿਮਨੀ ਚੋਣ ਦਾ ਅਹਿਮ ਮੁੱਦਾ ਬਣ ਗਿਆ ਜਿਸ ਦੇ ਆਲ਼ੇ-ਦੁਆਲ਼ੇ ਸਿਆਸਤ ਘੁੰਮਦੀ ਰਹੀ। ਅਕਾਲੀ ਦਲ ਨੇ ਆਪਣਾ ਉਮੀਦਵਾਰ ਮਰਹੂਮ ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੂੰ ਬਣਾਇਆ। ਅਜੀਤ ਸਿੰਘ ਕੋਹਾੜ ਦਾ ਇਸ ਸੀਟ ‘ਤੇ ਪੰਜ ਵਾਰ ਕਬਜ਼ਾ ਰਿਹਾ ਹੈ। ਨਾਇਬ ਸਿੰਘ ਦਾ ਕੋਈ ਖ਼ਾਸ ਸਿਆਸੀ ਤਜ਼ਰਬਾ ਨਹੀਂ ਹੈ। ਉਹ ਪਹਿਲੀ ਵਾਰ ਚੋਣਾਂ ਵਿੱਚ ਖੜ੍ਹਾ ਹੋਇਆ ਹੈ। ਆਮ ਆਦਮੀ ਪਾਰਟੀ ਨੇ ਰਤਨ ਸਿੰਘ ਕਾਂਕੜ ਕਲਾਂ ਨੂੰ ਉਮੀਦਵਾਰ ਬਣਾਇਆ ਹੈ। ਰਤਨ ਸਿੰਘ ਦਾ ਵੀ ਕੋਈ ਖਾਸ ਰਾਜਨੀਤਿਕ ਤਜ਼ਰਬਾ ਨਹੀਂ ਹੈ। ਹਾਲਾਂਕਿ, ਸ਼ਾਹਕੋਟ ਵਿੱਚ ਉਮੀਦਵਾਰ ਖੜ੍ਹਾ ਕਰਨ ਬਾਰੇ ਪਾਰਟੀ ਵਿੱਚ ਪਹਿਲਾਂ ਹੀ ਮੱਤਭੇਦ ਸਨ।