ਰੱਬ ਦੀ ਕਚਹਿਰੀ 'ਚ ਨਹੀਂ ਬਚਣਗੇ ਬਾਦਲ- ਭਗਵੰਤ ਮਾਨ
ਏਬੀਪੀ ਸਾਂਝਾ | 02 Sep 2018 08:56 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਸੂਬੇ ਦੇ ਭਖਵੇਂ ਮੁੱਦਿਆਂ 'ਤੇ ਆਧਾਰਿਤ 'ਪੰਜਾਬ ਜੋੜੋ' ਰੈਲੀਆਂ ਦੇ ਪਹਿਲੇ ਦੌਰ ਦਾ ਆਗਾਜ਼ ਹੋ ਚੁੱਕਾ ਹੈ। ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਮਾਇਸਰ ਖਾਨਾ ਤੋਂ ਪਹਿਲੀ ਰੈਲੀ ਕੀਤੀ ਗਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਹਾਲਤ ਲਈ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਦੋਵੇਂ ਹੀ ਜ਼ਿੰਮੇਵਾਰ ਹਨ, ਜਿੰਨ੍ਹਾਂ ਵਾਰੀਆਂ ਬੰਨ੍ਹ ਕੇ ਪੰਜਾਬ ਨੂੰ ਲੁੱਟਿਆ ਤੇ ਹੱਕ ਮੰਗਣ ਵਾਲਿਆਂ ਨੂੰ ਕੁੱਟਿਆ। ਮਾਨ ਨੇ ਕਿਹਾ ਕਿ ਬਾਦਲਾਂ ਨੇ ਆਪਣੀ ਸੱਤਾ ਤੇ ਪੈਸੇ ਦੀ ਭੁੱਖ ਲਈ ਗੁਰੂ ਗ੍ਰੰਥ ਸਾਹਿਬ ਨੂੰ ਵੀ ਗਲੀਆਂ 'ਚ ਰੋਲਿਆ। ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਸੁਖਬੀਰ ਸਿੰਘ ਤੇ ਉਸ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਦੇ ਪਾਪਾਂ ਦਾ ਫਲ ਜਿਉਂਦੇ ਜੀਅ ਭੋਗ ਕੇ ਜਾਣਗੇ। ਮਾਨ ਨੇ ਕਿਹਾ ਕਿ ਬਾਦਲ ਆਪਣੇ ਪਾਪਾਂ ਤੋਂ ਬਚਣ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਲੈ ਸਕਦੇ ਹਨ, ਮਿਲ ਕੇ ਕੇਸ ਕਮਜ਼ੋਰ ਕਰਵਾ ਸਕਦੇ ਹਨ, ਗਵਾਹ ਖ਼ਰੀਦ ਸਕਦੇ ਹਨ ਜਾਂ ਮੁਕਰਵਾ ਸਕਦੇ ਹਨ ਤੇ ਤਿਕੜਮਬਾਜੀਆਂ ਨਾਲ ਕੇਸਾਂ 'ਚੋਂ ਬਰੀ ਵੀ ਹੋ ਸਕਦੇ ਹਨ, ਪਰ ਰੱਬ ਦੀ ਕਚਹਿਰੀ 'ਚੋਂ ਕਿਵੇਂ ਬਚਣਗੇ? ਭਗਵੰਤ ਮਾਨ ਦੀ ਅਗਵਾਈ ਹੇਠ ਸਤੰਬਰ ਮਹੀਨੇ 'ਚ ਪੰਜਾਬ ਅੰਦਰ 10 ਰੈਲੀਆਂ ਹੋਣਗੀਆਂ ਜਿੰਨਾ 'ਚ ਬੇਅਦਬੀ ਮਾਮਲੇ ਦੇ ਨਾਲ-ਨਾਲ ਸਿਹਤ ਤੇ ਸਿੱਖਿਆ, ਨਸ਼ੇ ਤੇ ਬੇਰੁਜ਼ਗਾਰੀ, ਕਰਜ਼ਾ ਤੇ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਸਮੇਤ ਉਨ੍ਹਾਂ ਤਮਾਮ ਮੁੱਦਿਆਂ ਤੇ ਵਾਅਦਿਆਂ ਪ੍ਰਤੀ ਲੋਕ ਲਹਿਰ ਖੜੀ ਕੀਤੀ ਜਾਵੇਗੀ, ਜਿੰਨਾ ਤੋਂ ਪਹਿਲਾਂ ਬਾਦਲ ਸਰਕਾਰ ਮੁਨਕਰ ਸੀ ਤੇ ਹੁਣ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਭੱਜ ਚੁੱਕੀ ਹੈ। ਇਸ ਮੌਕੇ ਪਾਰਟੀ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਸਿਸਟਮ ਠੀਕ ਨਹੀਂ ਹੁੰਦਾ ਉਨ੍ਹਾਂ ਚਿਰ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਪੰਜਾਬ ਦੇ ਲੋਕਾਂ ਨੇ ਬਾਦਲ ਅਤੇ ਕੈਪਟਨ ਵਾਰ-ਵਾਰ ਅਜ਼ਮਾ ਕੇ ਦੇਖ ਲਏ ਹਨ ਹੁਣ ਆਮ ਆਦਮੀ ਪਾਰਟੀ ਹੀ ਇੱਕੋ-ਇੱਕ ਉਮੀਦ ਬਚੀ ਹੈ। ਦਿੱਲੀ 'ਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਸ਼ਾਨਦਾਰ ਕੰਮਾਂ ਨੇ ਪੰਜਾਬ ਤੇ ਦੇਸ਼ ਵਾਲਿਆਂ ਦੀਆਂ ਇਹ ਉਮੀਦਾਂ ਹੋਰ ਵਧਾ ਦਿੱਤੀਆਂ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਤੇ ਬਾਦਲ ਪਰਿਵਾਰ ਉੱਤੇ ਰੁਲੇ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਠੋਸ ਕਦਮ ਨਹੀਂ ਚੁੱਕਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਾਦਲਾਂ ਨੂੰ 'ਤੇ ਬਚਾਉਣ ਲੱਗੀ ਹੋਈ ਹੈ। ਬਾਦਲਾਂ ਦੀ ਮਦਦ ਲਈ ਹੀ ਕੈਪਟਨ ਨੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਾਣਬੁੱਝ ਕੇ ਲੀਕ ਕਰਵਾਈ ਤੇ ਬਾਦਲਾਂ ਨੇ ਕੇਸ ਦਰਜ ਹੋਣ ਤੋਂ ਪਹਿਲਾਂ ਹੀ ਹਿੰਮਤ ਸਿੰਘ ਵਰਗੇ ਗਵਾਹਾਂ ਨੂੰ ਮੁਕਰਾਉਣਾ ਸ਼ੁਰੂ ਕਰ ਦਿੱਤਾ।