ਫੂਲਕਾ ਦੇ ਅਸਤੀਫ਼ੇ ਦੀ ਚੁਨੌਤੀ ਕਾਂਗਰਸੀ ਮੰਤਰੀਆਂ ਨੂੰ ਨਹੀਂ ਮਨਜ਼ੂਰ
ਏਬੀਪੀ ਸਾਂਝਾ | 02 Sep 2018 06:23 PM (IST)
ਚੰਡੀਗੜ੍ਹ: ਪੰਜਾਬ ਵਜ਼ਾਰਤ ਦੇ ਪੰਜ ਮੰਤਰੀਆਂ ਨੇ ਬਰਗਾੜੀ ਰਿਪੋਰਟ 'ਤੇ ਤਿਆਰ ਐਕਸ਼ਨ ਟੇਕਰ ਰਿਪੋਰਟ 'ਤੇ ਕਾਰਵਾਈ ਕਰਵਾਉਣ 'ਤੇ 'ਆਪ' ਵਿਧਾਇਕ ਐਚ.ਐਸ. ਫੂਲਕਾ ਵੱਲੋਂ ਅਸਤੀਫ਼ਾ ਦੇਣ ਦੀ ਚੁਨੌਤੀ ਦੀ ਨਿੰਦਾ ਕੀਤੀ ਹੈ। ਸਾਂਝੇ ਬਿਆਨ ਵਿੱਚ ਪੰਜਾਂ ਮੰਤਰੀਆਂ ਨੇ ਕਿਹਾ ਕਿ ਫੂਲਕਾ ਵੱਲੋਂ ਅਸਤੀਫ਼ਾ ਦੇਣ ਦੀ ਧਮਕੀ ਨਿਆਂ ਪ੍ਰਕਿਰਿਆ ਵਿੱਚ ਅੜਿੱਕਾ ਬਣ ਸਕਦੀ ਹੈ। ਦਰਅਸਲ, ਐਚ.ਐਸ. ਫੂਲਕਾ ਨੇ ਬੀਤੇ ਦਿਨ ਪ੍ਰੈੱਸ ਕਾਨਫ਼ਰੰਸ ਕਰ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਮੁੱਖ ਮੰਤਰੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਮੁਲਜ਼ਮ ਬਣਾਉਣ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ। ਫੂਲਕਾ ਨੇ ਕਿਹਾ ਸੀ ਕਿ ਜੇਕਰ ਮੰਤਰੀ 15 ਸਤੰਬਰ ਤਕ ਕੇਸ ਦਰਜ ਕਰਵਾਉਣ ਬਾਰੇ ਫੈਸਲਾ ਨਹੀਂ ਕਰਵਾ ਸਕਦੇ ਤਾਂ ਅਸਤੀਫਾ ਦੇ ਦੇਣ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ 15 ਸਤੰਬਰ ਤਕ ਮੰਤਰੀ ਸਰਕਾਰ ਤੋਂ ਆਪਣੀ ਗੱਲ ਨਾ ਮੰਨਵਾ ਪਾਏ ਤਾਂ ਉਹ ਅਸਤੀਫਾ ਦੇਣਗੇ। ਫੂਲਕਾ ਦੀ ਇਸ ਚੁਨੌਤੀ ਉੱਪਰ ਅੱਜ ਮੰਤਰੀਆਂ ਨੇ ਕਿਹਾ ਕਿ ਫੂਲਕਾ ਖ਼ੁਦ ਸੀਨੀਅਰ ਵਕੀਲ ਹਨ ਤੇ ਉਨ੍ਹਾਂ ਨੂੰ ਨਿਆਂ ਪ੍ਰਕਿਰਿਆ ਬਾਰੇ ਬਾਖ਼ੂਬੀ ਪਤਾ ਹੈ। ਮੰਤਰੀਆਂ ਨੇ ਫੂਲਕਾ ਨੂੰ ਇਸ ਸੰਵੇਦਨਸ਼ੀਲ ਧਾਰਮਿਕ ਮਸਲੇ ਉੱਪਰ ਸਿਆਸਤ ਨਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਵਿਧਾਨ ਸਭਾ ਵਿੱਚ ਵਿਸ਼ੇਸ਼ ਜਾਂਚ ਦਲ (ਐਸਆਈਟੀ) ਦਾ ਗਠਨ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਹੋਇਆ ਸੀ ਤੇ ਸਰਕਾਰ ਇਸ 'ਤੇ ਪੂਰੀ ਤਰ੍ਹਾਂ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪ੍ਰਕਿਰਿਆ ਨੂੰ ਬਗ਼ੈਰ ਕਿਸੇ ਭੇਦਭਾਵ ਦੇ ਕਰਨ ਲਈ ਇਸ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਜਾ ਸਕਦਾ।