ਅਸ਼ਰਫ ਢੁੱਡੀ
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਨਾਲ ਸਿਆਸੀ ਪਾਰਟੀਆਂ ਵੀ ਮੈਦਾਨ 'ਚ ਹਨ। ਅਜਿਹੇ 'ਚ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀਆਂ ਨੂੰ ਘੇਰਦਿਆਂ ਕਿਹਾ ਅਕਾਲੀ ਦਲ ਨੇ 5 ਜੂਨ ਤੋਂ ਲੈ ਕੇ 15 ਸੰਤਬਰ ਤਕ ਕਿਸਾਨਾਂ ਨੂੰ ਇਹੀ ਕਿਹਾ ਕਿ ਬਹੁਤ ਵਧੀਆ ਬਿੱਲ ਹੈ ਪਰ ਹੁਣ 15 ਸਤੰਬਰ ਤੋਂ ਬਾਅਦ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ। ਜਦੋਂ ਲੋਕ ਸਭਾ ਵਿਚ ਖੇਤੀ ਆਰਡੀਨੈਂਸ ਬੀਜੇਪੀ ਨੇ ਪੇਸ਼ ਕੀਤੇ ਤਾਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਉਸ ਦਿਨ ਲੋਕ ਸਭਾ 'ਚ ਪਹੁੰਚੇ ਹੀ ਨਹੀਂ ਸਨ।
ਉਨ੍ਹਾਂ ਕਿਹਾ ਅਕਾਲੀ ਦਲ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਨ ਲਈ ਪੰਜਾਬ ਵਿਚ ਪ੍ਰਦਰਸ਼ਨ ਕਰ ਰਿਹਾ ਹੈ। ਇਹ ਮੁੱਦਾ ਜੋ ਹੈ ਉਹ ਧਾਰਮਿਕ ਮੁੱਦਾ ਨਹੀਂ ਹੈ ਪਰ ਅਕਾਲੀ ਦਲ ਧਰਮ ਨੂੰ ਸਿਆਸਤ ਲਈ ਵਰਤ ਰਿਹਾ ਹੈ। ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਅਤੇ ਅਕਾਲੀ ਦਲ ਦੇ ਵਰਕਰ ਤਖ਼ਤ ਸਹਿਬਾਨ ਤੋਂ ਅਰਦਾਸ ਕਰ ਕੇ ਚੱਲੇ ਅਤੇ ਐਸਜੀਪੀਸੀ ਨੇ ਰਾਹ 'ਚ ਲੰਗਰ ਵਰਤਾਇਆ।
ਉਨ੍ਹਾਂ ਕਿਹਾ ਐਸਜੀਪੀਸੀ ਇਕ ਨਿਰੋਲ ਧਾਰਮਿਕ ਸੰਸਥਾ ਹੈ ਉਸਦਾ ਰਾਜਨਿਤਕ ਫਾਇਦਾ ਕਿਉਂ ਲਿਆ ਜਾਂਦਾ ਹੈ। ਜਦੋਂ ਵੀ ਅਕਾਲੀ ਦਲ 'ਤੇ ਕੋਈ ਸੰਕਟ ਆਉਂਦਾ ਹੈ ਤਾਂ ਇਹ ਅਕਾਲੀ ਦਲ ਵਾਲੇ ਧਰਮ ਦਾ ਆਸਰਾ ਲੈਂਦੇ ਹਨ।
ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਜੇ ਮੁੱਖ ਮੰਤਰੀ ਦੀ ਨੀਯਤ ਹੋਵੇ ਤਾਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਕੈਪਟਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਅਤੇ ਪੰਜਾਬ ਨੂੰ ਇਕ ਮੰਡੀ ਬਣਾਉਣ। ਭਗਵੰਤ ਮਾਨ ਨੇ ਕਿਹਾ ਜਦੋਂ ਵਿਰੋਧ ਦਾ ਮੌਕਾ ਹੁੰਦਾ ਹੈ ਉਦੋਂ ਰਾਹੁਲ ਗਾਂਧੀ ਗੈਰਹਾਜ਼ਰ ਰਹਿੰਦੇ ਹਨ। ਲੋਕ ਸਭਾ 'ਚੋਂ ਹੁਣ ਪੰਜਾਬ 'ਚ ਆ ਕੇ ਟਰੈਕਟਰ ਚਲਾਉਣਗੇ। ਇਹ ਸਭ ਵੋਟਾਂ ਦੀ ਸਿਆਸਤ ਹੈ।
ਭਗਵੰਤ ਮਾਨ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਅਰਵਿੰਦ ਕੇਜਰੀਵਾਲ ਕਿਸਾਨਾਂ ਦੇ ਮੁਦੇ 'ਤੇ ਚੁੱਪ ਕਿਉਂ ਹਨ ਤਾਂ ਉਨ੍ਹਆਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਕੇਜਰੀਵਾਲ ਕਿਸਾਨਾਂ ਦੇ ਨਾਲ ਹਨ। ਦਰਅਸਲ ਮਾਨ ਇਸ ਸਵਾਲ ਤੋਂ ਟਾਲਾ ਵੱਟਦੇ ਨਜ਼ਰ ਆਏ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ