ABP ਸਾਂਝਾ ਦੇ ਹਲੂਣੇ ਤੋਂ ਬਾਅਦ ਜਾਗੇ 'ਆਪ' ਦੇ ਮਾਨ ਨੇ ਲਾਇਆ ਕੈਪਟਨ ਨਾਲ ਮੱਥਾ
ਏਬੀਪੀ ਸਾਂਝਾ | 23 Jun 2018 04:18 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਕਈ ਦਿਨ ਅਲੋਪ ਰਹਿਣ ਤੋਂ ਬਾਅਦ ਸਾਹਮਣੇ ਆ ਗਏ ਹਨ। ਏਬੀਪੀ ਸਾਂਝਾ ਵੱਲੋਂ ਸੂਬਾ ਪ੍ਰਧਾਨ ਦੀ ਗ਼ੈਰ ਹਾਜ਼ਰੀ 'ਤੇ ਬੀਤੇ ਕੱਲ੍ਹ ਚੁੱਕੇ ਸਵਾਲ ਤੋਂ ਬਾਅਦ ਭਗਵੰਤ ਮਾਨ ਨੇ ਫੇਸਬੁੱਕ 'ਤੇ ਆਪਣੀ ਪਾਰਟੀ ਦੇ ਵਿਧਾਇਕ ਨਾਲ ਕੁੱਟਮਾਰ ਬਾਰੇ ਤਾਂ ਮੁੱਖ ਮੰਤਰੀ ਨੂੰ ਘੇਰਿਆ ਪਰ ਰੈਫਰੰਡਮ ਵਾਲੇ ਮਸਲੇ 'ਤੇ ਖਹਿਰਾ ਦਾ ਸਮਰਥਨ ਜਾਂ ਵਿਰੋਧ ਨਾ ਕੀਤਾ। ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਦਰ ਸਹਿਤ ਅਪੀਲ ਕੀਤੀ ਕਿ ਵਿਧਾਇਕ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਆਪਣੇ ਵਿਧਾਇਕ ਨੂੰ ਵ੍ਹਿਸਲ ਬਲੋਅਰ ਦਾ ਖਿਤਾਬ ਦਿੰਦਿਆਂ ਉਸ ਲਈ ਇਨਸਾਫ਼ ਦੀ ਮੰਗ ਵੀ ਕੀਤੀ। ਲੰਮੇ ਤੇ ਤਿੱਖੇ ਭਾਸ਼ਣ ਦੇਣ ਦੇ ਮਾਹਰ ਭਗਵੰਤ ਮਾਨ ਨੇ ਢਾਈ ਕੁ ਮਿੰਟ ਦੇ ਆਪਣੇ ਫੇਸਬੁੱਕ ਲਾਈਵ ਵਿੱਚ ਹੀ ਸਾਰੀ ਗੱਲ ਨਿਬੇੜ ਦਿੱਤੀ। ਭਗਵੰਤ ਮਾਨ ਨੇ ਬੇਹੱਦ 'ਪੋਲੇ' ਜਿਹੇ ਢੰਗ ਨਾਲ ਮੁੱਖ ਮੰਤਰੀ 'ਤੇ ਤਨਜ਼ ਕੱਸਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮਾਨ ਨੇ ਮਾਈਨਿੰਗ ਵਾਲੇ ਮਸਲੇ 'ਤੇ ਆਪਣੇ ਸੰਖੇਪ ਵਿਚਾਰ ਤਾਂ ਰੱਖ ਦਿੱਤੇ ਪਰ ਖਹਿਰਾ ਦੇ ਰੈਫਰੰਡਮ ਵਾਲੇ ਮਸਲੇ 'ਤੇ ਕੁਝ ਵੀ ਨਾ ਬੋਲੇ। ਭਗਵੰਤ ਮਾਨ ਨੇ ਖਹਿਰਾ ਦੀ ਦਿੱਲੀ ਹਾਈ ਕਮਾਨ ਨਾਲ ਮੀਟਿੰਗ ਬਾਰੇ ਵੀ ਕੁਝ ਨਹੀਂ ਕਿਹਾ। ਜਿੱਥੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਆਪਣੇ 'ਫੱਟੜ' ਵਿਧਾਇਕ ਦਾ ਪੀਜੀਆਈ ਜਾ ਕੇ ਹਾਲ ਜਾਣ ਆਏ, ਪਰ ਭਗਵੰਤ ਮਾਨ ਨੇ ਡਿਜੀਟਲ ਤਰੀਕੇ ਨਾਲ ਹੀ ਆਪਣੀ ਹਾਜ਼ਰੀ ਲਵਾ ਦਿੱਤੀ। ਬੇਸ਼ੱਕ ਆਪ ਦੇ ਆਪਸ ਵਿੱਚ ਖਹਿਬੜਨ ਵਾਲੇ ਦੋਵੇਂ ਮਹਾਂਰਥੀ ਵੀ ਵਿਧਾਇਕ 'ਤੇ ਹਮਲੇ ਵਾਲੇ ਮਸਲੇ 'ਤੇ ਇੱਕਜੁਟ ਹੋ ਗਏ ਹਨ, ਪਰ ਭਗਵੰਤ ਮਾਨ ਦੀ ਦੂਰੋਂ ਹਾਜ਼ਰੀ ਕੁਝ ਹੋਰ ਹੀ ਸੰਕੇਤ ਕਰ ਰਹੀ ਹੈ। https://www.facebook.com/BhagwantMann1/videos/1948203368557949/?t=8