ਬਰਨਾਲਾ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਤੇ ਰੇਤ ਮਾਫੀਆ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿੱਚ ਅੱਜ ਬਰਨਾਲਾ ਅੰਦਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ ਤੇ ਵਿਧਾਇਕ ਮੀਤ ਹੇਅਰ ਦੀ ਅਗਵਾਈ 'ਚ ਆਪ ਸਮਰਥਕਾਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਰਕਾਰ ਵਿਧਾਇਕ ਨਾਲ ਕੁੱਟਮਾਰ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਛੇਤੀ ਗ੍ਰਿਫ਼ਤਾਰ ਕਰੇ। ਹਾਲਾਂਕਿ, ਕੁੱਟਮਾਰ ਦਾ ਮੁੱਖ ਮੁਲਜ਼ਮ ਦਾਅਵਾ ਕਰ ਚੁੱਕਾ ਹੈ ਕਿ ਉਹ ਵੀ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ।   ਆਪ ਵਰਕਰਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ ਤੇ ਮਾਫੀਆ ਰਾਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਪਾਸੇ ਮਾਫੀਆ ਰਾਜ ਹੈ ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਜਨਤਾ ਨਾਲ ਕੈਪਟਨ ਸਰਕਾਰ ਵੱਲੋਂ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਵਿਧਾਇਕ 'ਤੇ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਨਹੀਂ ਤਾਂ ਆਮ ਆਦਮੀ ਪਾਰਟੀ ਵੱਲੋਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਹਾਲਾਂਕਿ, ਇਸ ਕੁਟਾਪਾ ਕਾਂਡ ਦੇ ਮੁੱਖ ਮੁਲਜ਼ਮ ਅਜਵਿੰਦਰ ਸਿੰਘ ਨੇ ਏਬੀਪੀ ਸਾਂਝਾ 'ਤੇ ਦਾਅਵਾ ਕੀਤਾ ਸੀ ਕਿ ਉਹ ਵੀ ਆਮ ਆਦਮੀ ਪਾਰਟੀ ਦਾ ਹੀ ਵਲੰਟੀਅਰ ਹੈ। ਉਸ ਨੇ ਸੁਖਪਾਲ ਖਹਿਰਾ ਨੂੰ ਉਸ ਦੀ ਗੱਲ ਸੁਣਨ ਦੀ ਅਪੀਲ ਵੀ ਕੀਤੀ ਸੀ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਵੀ ਮੁਲਜ਼ਮ ਅਜਵਿੰਦਰ ਤੇ ਵਿਧਾਇਕ ਅਮਰਜੀਤ ਸੰਦੋਆ ਦੀਆਂ ਨੇੜਤਾ ਦੀਆਂ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ।