ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹਮਲਾ ਹੋਣ ਤੋਂ ਬਾਅਦ ਪਾਰਟੀ ਜਿੱਥੇ ਇੱਕਜੁਟ ਹੋ ਗਈ ਹੈ, ਉੱਥੇ ਹੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਕਿਧਰੇ ਗੁਆਚ ਹੀ ਗਏ ਹਨ। ਜ਼ਖ਼ਮੀ ਵਿਧਾਇਕ ਦਾ ਹਾਲ-ਚਾਲ ਜਾਣਨ ਲਈ ਪਾਰਟੀ ਦੇ ਸਾਰੇ ਲੀਡਰ ਪੀਜੀਆਈ ਪਹੁੰਚੇ ਪਰ ਭਗਵੰਤ ਮਾਨ ਨੇ ਹਾਲ ਜਾਣਨਾ ਲਈ ਆਉਣਾ ਤਾਂ ਦੂਰ ਸੰਦੋਆ 'ਤੇ ਕੀਤੇ ਹਮਲੇ ਨੂੰ ਨਿੰਦਿਆ ਤਕ ਨਹੀਂ।   ਸਿੱਖ ਰੈਫਰੰਡਮ ਮੁੱਦੇ 'ਤੇ ਆਹਮੋ ਸਾਹਮਣੇ ਹੋਏ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਪੰਜਾਬ ਦੇ ਸਹਿ ਪ੍ਰਧਾਨ ਬਲਬੀਰ ਸਿੰਘ ਵੀ ਹੁਣ ਟਿਕਾਣੇ 'ਤੇ ਆ ਗਏ ਹਨ। ਇੱਕ ਦੂਜੇ 'ਤੇ ਖ਼ੂਬ ਦੂਸ਼ਣਬਾਜ਼ੀ ਕਰ ਚੁੱਕੇ ਇਹ ਦੋਵੇਂ ਲੀਡਰ ਹੁਣ ਇੱਕੋ ਮੰਚ ਤੋਂ ਸਰਕਾਰ ਨੂੰ ਨਾਜਾਇਜ਼ ਮਾਈਨਿੰਗ ਦੇ ਮੁੱਦੇ 'ਤੇ ਘੇਰ ਰਹੇ ਹਨ। ਉੱਧਰ ਭਗਵੰਤ ਮਾਨ ਨੇ ਖਹਿਰਾ ਦੇ ਰੈਫਰੰਡਮ ਵਿਵਾਦ ਤੇ ਸੰਦੋਆ ਦੇ ਕੁਟਾਪਾ ਕਾਂਡ 'ਤੇ ਆਪਣੇ ਫੇਸਬੁੱਕ ਜਾਂ ਟਵਿੱਟਰ 'ਤੇ ਇੱਕ ਸ਼ਬਦ ਵੀ ਨਹੀਂ ਲਿਖਿਆ। ਦੂਜੇ ਪਾਸੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਕਿਧਰੇ ਗੁਆਚ ਹੀ ਗਏ ਜਾਪਦੇ ਹਨ। ਵੈਸੇ ਤਾਂ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਬਕਾ ਮਾਲ ਮੰਤਰੀ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗੀ ਹੈ, ਸਿਆਸਤ 'ਚ ਸਰਗਰਮ ਰਹਿਣ ਵਾਲੇ ਭਗਵੰਤ ਮਾਨ ਪਾਰਟੀ ਮਸਲਿਆਂ 'ਤੇ ਢਿੱਲੇ ਪੈ ਗਏ ਹਨ। ਕੇਜਰੀਵਾਲ ਦੀ ਮੁਆਫ਼ੀ ਤੋਂ ਬਾਅਦ ਪੰਜਾਬ ਆਮ ਆਦਮੀ ਪਾਰਟੀ ਨੂੰ ਖਹਿਰਾ ਦੇ ਰੈਫਰੰਡਮ ਸਬੰਧੀ ਬਿਆਨ ਤੋਂ ਪੈਦਾ ਹੋਇਆ ਵਿਵਾਦ ਇੱਕ ਵੱਡਾ ਝਟਕਾ ਸੀ, ਪਰ ਭਗਵੰਤ ਮਾਨ ਇਸ ਮੁੱਦੇ 'ਤੇ ਵੀ ਕੁਝ ਨਹੀਂ ਬੋਲੇ। ਆਪਣੀ ਪਾਰਟੀ ਦੇ ਵਿਧਾਇਕ 'ਤੇ ਹਮਲਾ ਹੋਣ ਤੋਂ ਬਾਅਦ ਵੀ ਭਗਵੰਤ ਮਾਨ ਦਾ ਮੌਨ ਕਈ 'ਆਪ' ਤੇ ਉਨ੍ਹਾਂ ਦੀ ਪ੍ਰਧਾਨਗੀ ਉੱਪਰ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ ਤੇ ਨਾਲ ਹੀ ਭਗਵੰਤ ਮਾਨ ਦੀ ਖਿਚੜੀ ਕਿਹੜੇ ਪਾਸੇ ਪੱਕ ਰਹੀ ਹੈ, ਇਸ ਬਾਰੇ ਸੋਚਣ ਨੂੰ ਮਜਬੂਰ ਕਰਦਾ ਹੈ।