ਰੂਪਨਗਰ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹਮਲਾ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਆਨੰਦਪੁਰ ਸਾਹਿਬ ਦੀ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਧਰ ਪ੍ਰਸ਼ਾਸਨ ਨੇ ਕੱਲ੍ਹ ਦੇ ਵਿਵਾਦ ਦਾ ਕਾਰਨ ਬਣੀ ਖੱਡ ਨੂੰ ਜਾਇਜ਼ ਠਹਿਰਾ ਦਿੱਤਾ ਹੈ।   ਖਣਨ ਵਿਭਾਗ ਦੇ ਜੀਐਮ ਟੀ.ਐਸ. ਸੇਖੋਂ ਤੇ ਆਨੰਦਪੁਰ ਸਾਹਿਬ ਦੇ ਐਸਡੀਐਮ ਨੇ ਸ਼ੁੱਕਰਵਾਰ ਵਿਵਾਦਤ ਖੱਡ ਦਾ ਦੌਰਾ ਕੀਤਾ ਤੇ ਉਸ ਨੂੰ ਜਾਇਜ਼ ਕਰਾਰ ਦੇ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਮਾਈਨਿੰਗ ਹੋਈ ਹੈ, ਉਹ ਪੁਰਾਣੀ ਨਿਕਾਸੀ ਹੈ। 22 ਜੂਨ ਨੂੰ ਰੂਪਨਗਰ ਦੇ ਐਸਪੀਡੀ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਡੀਐਸਪੀ ਨੇ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹਮਲੇ ਦੇ ਮਾਮਲੇ ਵਿੱਚ ਤਿੰਨੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਜਸਵਿੰਦਰ ਸਿੰਘ ਗੋਲਡੀ, ਅਮਰਜੀਤ ਸਿੰਘ ਤੇ ਮਨਜੀਤ ਸਿੰਘ ਵਾਸੀ ਵਹੀਹਾਰਾ ਬਲਾਕ ਨੂਰਪੁਰ ਬੇਦੀ, ਨੂੰ ਆਨੰਦਪੁਰ ਸਾਹਿਬ ਦੀ ਸਿਵਲ ਜੱਜ ਗੁਰਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਪੁਲਿਸ ਨੂੰ ਮੁਲਜ਼ਮਾਂ ਦਾ ਚਾਰ ਦਿਨ ਦਾ ਰਿਮਾਂਡ ਦੇ ਦਿੱਤਾ ਹੈ।