ਰਜਿਸਟਰੀਆਂ ਲਈ ਪਟਵਾਰੀ ਤੇ ਤਹਿਸੀਲਦਾਰ ਦਾ ਝੰਜਟ ਖ਼ਤਮ !
ਏਬੀਪੀ ਸਾਂਝਾ | 22 Jun 2018 03:21 PM (IST)
ਲੁਧਿਆਣਾ: ਹੁਣ ਤੁਹਾਨੂੰ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਪਟਵਾਰੀ ਜਾਂ ਤਹਿਸੀਲਦਾਰ ਦੇ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇਹ ਦਾਅਵਾ ਲੁਧਿਆਣਾ ਤੋਂ ਵਿਧਾਇਕ ਸੁਰਿੰਦਰ ਡਾਵਰ ਨੇ ਉਦੋਂ ਕੀਤਾ ਜਦ ਉਨ੍ਹਾਂ ਪਾਸਪੋਰਟ ਸੇਵਾ ਕੇਂਦਰਾਂ ਦੀ ਤਰਜ਼ 'ਤੇ ਰਜਿਸਟਰੀਆਂ ਲਈ ਆਨਲਾਈਨ ਸਿਸਟਮ ਦਾ ਉਦਘਾਟਨ ਕਰਦਿਆਂ ਕੀਤਾ। ਡਾਵਰ ਨੇ ਕਿਹਾ ਕਿ ਇੰਟਰਨੈੱਟ ਰਾਹੀਂ ਆਨਲਾਈਨ ਸੁਵਿਧਾ ਨਾਲ ਲੋਕ ਆਪਣੇ ਮਕਾਨ ਦੀ ਰਜਿਸਟਰੀ ਕਰਵਾ ਸਕਣਗੇ ਤਾਂ ਕਿ ਉਨ੍ਹਾਂ ਨੂੰ ਅਧਿਕਾਰੀਆਂ ਦੀ ਉਡੀਕ ਤੇ ਹੋਰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਲੋਕਾਂ ਨੂੰ ਹੁਣ ਕੁਲੈਕਟਰ ਰੇਟ ਤੇ ਸਰਕਾਰੀ ਫੀਸ ਆਦਿ ਬਾਰੇ ਜਾਣਕਾਰੀ ਆਨਲਾਈਨ ਹੀ ਮਿਲ ਸਕੇਗੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਆਨਲਾਈਨ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀ ਕਰਵਾਉਣ ਲਈ ਪਾਸਪੋਰਟ ਬਣਵਾਉਣ ਵਾਂਗ ਪਹਿਲਾਂ ਅਪੌਇੰਟਮੈਂਟ ਲੈਣੀ ਪਵੇਗੀ ਤੇ ਤੈਅ ਸਮੇਂ 'ਤੇ ਦਫ਼ਤਰ ਵਿੱਚ ਜਾ ਕੇ ਸਾਰੀ ਕਾਰਵਾਈ ਨੂੰ ਪੂਰਾ ਕੀਤਾ ਜਾ ਸਕੇਗਾ। ਡੀਸੀ ਨੇ ਕਿਹਾ ਕਿ ਇਸ ਤਰ੍ਹਾਂ ਭ੍ਰਿਸ਼ਟਾਚਾਰ ਘਟੇਗਾ ਤੇ ਲੋਕਾਂ ਦੀ ਖੱਜਲ ਖੁਆਰੀ ਵੀ ਘਟੇਗੀ।