ਚੰਡੀਗੜ੍ਹ: ਕੈਨੇਡਾ ਦੇ ਐਲਬਰਟਾ ਸੂਬੇ ਨੇ ਇਮੀਗ੍ਰੈਂਟ ਨੌਮਿਨੀ ਪ੍ਰੋਗਰਾਮ (ਏਆਈਐਨਪੀ) ਵਿੱਚ ਤਬਦੀਲੀ ਕਰਕੇ ਇਸ ਨੂੰ ਅਮਰੀਕਾ ਦੀ ਤਰਜ਼ 'ਤੇ 'ਐਲਬਰਟਾ ਫਰਸਟ' ਵਾਂਗ ਬਣਾ ਦਿੱਤਾ ਹੈ। ਇਸ ਦੀ ਵੱਡੀ ਮਾਰ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ 'ਤੇ ਪਵੇਗੀ, ਜੋ ਕਿਸੇ ਹੋਰ ਸੂਬੇ ਤੋਂ ਪੜ੍ਹੇ ਹੋਣ ਜਾਂ ਕੰਮ ਕੀਤਾ ਹੋਵੇ ਤੇ ਐਲਬਰਟਾ 'ਚ ਪੀਆਰ ਹਾਸਲ ਕਰਨਾ ਚਾਹੁੰਦੇ ਹੋਣ।   ਪੜ੍ਹਾਈ ਕਿਤੇ ਹੋਰ ਤੇ ਰੁਜ਼ਗਾਰ ਕਿਤੇ ਹੋਰ ਕਰਨ ਵਾਲਿਆਂ ਨੂੰ ਝੱਲਣਾ ਪਵੇਗਾ ਨੁਕਸਾਨ ਕੈਨੇਡਾ ਪ੍ਰਵਾਸ ਮਾਮਲਿਆਂ ਦੇ ਮਾਹਰ ਐਡਵੋਕੇਟ ਰਾਜ ਸ਼ਰਮਾ ਮੁਤਾਬਕ ਜੋ ਵਿਦਿਆਰਥੀ ਦੂਜੇ ਸੂਬਿਆਂ ਵਿੱਚ ਆਪਣੀ ਪੜ੍ਹਾਈ ਮੁਕੰਮਲ ਕਰਕੇ ਆਏ ਹੋਣਗੇ, ਉਨ੍ਹਾਂ ਦੀ ਐਲਬਰਟਾ ਵਿੱਚ ਵਸਣ ਦੀ ਸੰਭਾਵਨਾ ਤਕਰੀਬਨ ਖ਼ਤਮ ਹੋ ਗਈ ਹੈ। ਜਿਨ੍ਹਾਂ ਵਿਦਿਆਰਥੀਆਂ ਕੋਲ ਪੋਸਟ ਗ੍ਰੈਜੂਏਟ ਵਰਕ ਪਰਮਿਟ (ਪੀਜੀਡਬਲਿਊਪੀ) ਹੋਵੇਗਾ, ਉਨ੍ਹਾਂ ਨੂੰ ਘੱਟੋ-ਘੱਟ 6 ਮਹੀਨਿਆਂ ਤਕ ਐਲਬਰਟਾ ਵਿੱਚ ਕਿਸੇ ਕੋਲ ਕੰਮ ਕਰਨ ਦਾ ਤਜ਼ਰਬਾ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਰੁਜ਼ਗਾਰ ਵੀ ਵਿਦਿਆਰਥੀ ਦੀ ਪੜ੍ਹਾਈ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਜਿਵੇਂ ਕਿ ਕਿਸੇ ਵਿਦਿਆਰਥੀ ਨੇ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ ਕੀਤੀ ਹੈ ਪਰ ਕੰਮ ਕਿਸੇ ਰਿਟੇਲ ਸਟੋਰ ਜਾਂ ਰੈਸਟੋਰੈਂਟ ਵਿੱਚ ਸੁਪਰਵਾਈਜ਼ਰ ਵਜੋਂ ਕੀਤਾ ਹੈ, ਉਹ ਪੀਆਰ ਲਈ ਯੋਗ ਨਹੀਂ ਮੰਨੇ ਜਾਣਗੇ। ਕਾਰਨ ਇਹ ਕਿ ਉਨ੍ਹਾਂ ਦਾ ਕੰਮ ਉਨ੍ਹਾਂ ਦੀ ਪੜ੍ਹਾਈ ਨਾਲ ਮੇਲ ਨਹੀਂ ਖਾਂਦਾ। ਕਿੰਨਾ ਨੂੰ ਮਿਲੇਗਾ ਫਾਇਦਾ ਇੱਕ ਹੋਰ ਪਹਿਲ ਅਜਿਹੇ ਪ੍ਰੋਫਾਈਲ ਨੂੰ ਦਿੱਤੀ ਗਈ ਹੈ, ਜਿਸ ਵਿੱਚ ਉਹ ਵਿਅਕਤੀ ਸ਼ਾਮਲ ਹੋਣਗੇ ਜਿਨ੍ਹਾਂ ਕੋਲ ਆਈਈਸੀ ਜਾਂ ਇੰਟਰਨੈਸ਼ਨਲ ਕੈਨੇਡਾ ਵਰਕ ਪਰਮਿਟ ਹੋਵੇਗਾ ਜਾਂ ਫਿਰ ਜੋ ਇੰਟਰਾ ਕੰਪਨੀ ਟ੍ਰਾਂਸਫਰੀਜ਼ ਹੋਣਗੇ, ਭਾਵ 'ਹਾਈਲੀ ਸਕਿੱਲਡ' ਸ਼੍ਰੇਣੀ ਜਾਂ ਦੂਜੀ ਕੰਪਨੀਆਂ ਤੋਂ ਬਦਲੀ ਹੋ ਕੇ ਆਏ ਹੋਣਗੇ। ਇਹ ਉਨ੍ਹਾਂ ਵਿਅਕਤੀਆਂ ਲਈ ਲਾਹੇਵੰਦ ਹੋਵੇਗਾ ਜੋ ਹੋਟਲਾਂ, ਹਸਪਤਾਲਾਂ, ਟੂਰਿਜ਼ਮ ਨਾਲ ਸਬੰਧਤ ਖੇਤਰਾਂ ਵਿੱਚ ਆਉਣਗੇ ਤੇ ਐਲਬਰਟਾ ਵਿੱਚ ਇੱਕ ਸਾਲ ਕੰਮ ਕਰਨ ਤੋਂ ਬਾਅਦ ਇੱਥੇ ਰਹਿਣਾ ਚਾਹੁਣਗੇ। ਐਲਬਰਟਾ ਦਾ ਨਵਾਂ ਪ੍ਰੋਗਰਾਮ ਇਸੇ ਤਰ੍ਹਾਂ ਦਾ ਇੱਕ ਨਵਾਂ ਪ੍ਰੋਗਰਾਮ 'ਐਲਬਰਟਾ ਆਪਰਚਿਊਨਿਟੀ ਸਟ੍ਰੀਮ' ਜਾਂ ਏਓਐਸ ਹੈ, ਜਿਸ ਵਿੱਚ ਉਹ ਆਰਜ਼ੀ ਵਿਦੇਸ਼ੀ ਕਾਮੇ ਸ਼ਾਮਲ ਹੋਣਗੇ ਜਿਨ੍ਹਾਂ ਕੋਲ ਐਲਐਮਆਈਏ ਆਧਾਰਤ ਵਰਕ ਪਰਮਿਟ ਹੋਵੇਗਾ। ਇਸ ਨਾਲ ਉਨ੍ਹਾਂ ਕਰਮਚਾਰੀਆਂ ਜਾਂ ਵਰਕਰਾਂ ਨੂੰ ਮਦਦ ਮਿਲੇਗੀ ਜਿਨ੍ਹਾਂ ਕੋਲ ਸੀਆਈਸੀ ਦਾ ਵਰਕ ਪਰਮਿਟ ਹੋਵੇਗਾ। ਕਹਿਣ ਦਾ ਮਤਲਬ, ਹੁਣ ਵਰਕਰਾਂ ਨੂੰ ਆਪਣੇ ਨੌਕਰੀਦਾਤਾਵਾਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਵਰਕਰਾਂ ਨੂੰ ਆਪਣੀ-ਆਪਣੀ ਅੰਗਰੇਜ਼ੀ ਭਾਸ਼ਾ ਦਾ ਗਿਆਨ ਸਾਬਤ ਕਰਨਾ ਵੀ ਲਾਜ਼ਮੀ ਹੈ। ਐਲਬਰਟਾ 'ਤ ਤਿੰਨ ਹੋਰ ਸ਼੍ਰੇਣੀਆਂ ਦੇ ਲੋਕ ਰਹਿ ਸਕਦੇ ਐਡਵੋਟ ਰਾਜ ਸ਼ਰਮਾ ਮੁਤਾਬਕ ਅਖੀਰ ਵਿੱਚ ਇੱਕ ਸ਼੍ਰੇਣੀ ਅਜਿਹੀ ਵੀ ਹੈ ਜਿਸ ਰਾਹੀਂ ਐਲਬਰਟਾ ਵਿੱਚ ਪੱਕੇ ਤੌਰ 'ਤੇ ਰਿਹਾ ਜਾ ਸਕਦਾ ਹੈ। (ਉ) ਜੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਵਿਅਕਤੀ ਕਿਸੇ ਹੋਰ ਸਟੇਟ ਵਿੱਚ ਪੜ੍ਹ ਕੇ ਆਏ ਤੇ ਐਲਬਰਟਾ ਵਿੱਚ ਕੰਮ ਕਰ ਰਹੇ ਹਨ। (ਅ) ਜਿਨ੍ਹਾਂ ਨੇ ਐਲਬਰਟਾ ਦੇ ਕਿਸੇ ਡੀਐਲਆਈ (ਮਾਨਤਾ ਪ੍ਰਾਪਤ ਵਿਦਿਅਕ ਅਦਾਰਾ) ਤੋਂ ਪੜ੍ਹਾਈ ਕੀਤੀ ਹੋਵੇ ਪਰ ਉਨ੍ਹਾਂ ਕੋਲ ਮਾਨਤਾ ਪ੍ਰਾਪਤ ਕੋਰਸ ਨਹੀਂ ਹੈ। (ੲ) ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ (ਸਪਾਊਸ) ਜੋ ਐਲਬਰਟਾ ਵਿੱਚ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੇ ਐਲਬਰਟਾ ਵਿੱਚ ਰਹਿਣ ਦੇ ਠੋਸ ਕਾਰਨ ਹਨ, ਉਨ੍ਹਾਂ ਨੂੰ ਐਲਬਰਟਾ ਐਕਪ੍ਰੈਸ ਐਂਟਰੀ ਰਾਹੀਂ ਚੁਣਿਆ ਜਾਵੇਗਾ। ਐਲਬਰਟਾ ਉਨ੍ਹਾਂ ਨੂੰ ਆਪਣੇ 'ਪੂਲ' ਵਿੱਚੋਂ ਚੁਣੇਗਾ, ਇਸ ਲਈ ਖ਼ਾਸ ਧਿਆਨ ਰੱਖਣ ਦੀ ਲੋੜ ਹੈ ਕਿ ਫਾਰਮ ਭਰਨ ਸਮੇਂ ਐਲਬਰਟਾ ਵਿੱਚ ਰਹਿਣ ਦਾ ਇਰਾਦਾ ਜ਼ਾਹਰ ਕੀਤਾ ਗਿਆ ਹੋਵੇ।