ਜਲੰਧਰ: ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐਸ.ਪੀ. ਸਿੰਘ ਓਬਰਾਏ ਨੇ ਬਲੱਡ ਮਨੀ ਦੇ ਕੇ 15 ਨੌਜਵਾਨਾਂ ਨੂੰ ਖਾੜੀ ਮੁਲਕਾਂ ਤੋਂ ਛੁਡਾ ਕੇ ਭਾਰਤ ਲਿਆਂਦਾ ਹੈ। ਇਨ੍ਹਾਂ ਵਿੱਚ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਨੌਜਵਾਨ ਵੀ ਸ਼ਾਮਲ ਹਨ। ਇਹ 15 ਨੌਜਵਾਨ ਸਾਲ 2013 ਦੌਰਾਨ ਦੋ ਪਾਕਿਸਤਾਨੀ ਨਾਗਰਿਕਾਂ ਦੇ ਵੱਖ-ਵੱਖ ਕਤਲ ਕੇਸਾਂ ਵਿੱਚ ਸਾਊਦੀ ਦੀ ਜੇਲ੍ਹ ਵਿੱਚ ਬੰਦ ਸਨ।   ਖਾੜੀ ਮਲਕਾਂ 'ਚ ਨਿਯਮ ਮੁਤਾਬਕ ਬਲੱਡ ਮਨੀ ਦੇ ਕੇ ਫਾਂਸੀ ਦੀ ਸਜ਼ਾ ਮੁਆਫ ਹੋ ਜਾਂਦੀ ਹੈ। ਐਸ.ਪੀ. ਸਿੰਘ ਓਬਰਾਏ ਇਸ ਤੋਂ ਪਹਿਲਾਂ ਵੀ ਬਲੱਡ ਮਨੀ ਦੇ ਕੇ ਕਈ ਨੌਜਵਾਨਾਂ ਦੀ ਜਾਨ ਬਚਾ ਚੁੱਕੇ ਹਨ। ਸਾਲ 2013 ਵਿੱਚ ਵੀ ਓਬਰਾਏ ਨੇ 10 ਭਾਰਤੀ ਨੌਜਵਾਨਾਂ ਨੂੰ ਕਤਲ ਕੇਸ ਵਿੱਚੋਂ ਬਚਾਇਆ ਸੀ। ਉਦੋਂ ਉਨ੍ਹਾਂ ਨੇ ਕੁੱਲ ਇੱਕ ਮਿਲੀਅਨ ਡਾਲਰ ਬਲੱਡ ਮਨੀ ਦੇ ਤੌਰ 'ਤੇ ਦਿੱਤੇ ਸਨ। ਇਸ ਵਾਰ ਐਸ.ਪੀ. ਸਿੰਘ ਨੇ ਬਲੱਡ ਮਨੀ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਓਬਰਾਏ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿੱਚ ਕਾਫੀ ਖ਼ਰਚ ਆ ਜਾਂਦਾ ਹੈ। ਬਲੱਡ ਮਨੀ ਤੋਂ ਇਲਾਵਾ ਵੀ ਹੋਰ ਕਾਫੀ ਖ਼ਰਚੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਾਕਿਸਤਾਨੀ ਨੌਜਵਾਨਾਂ ਦਾ ਕਤਲ ਹੋਇਆ ਸੀ, ਉਨ੍ਹਾਂ ਦੇ ਵਾਰਸਾਂ ਨੂੰ ਸਾਊਦੀ ਅਰਬ ਦੀ ਅਦਾਲਤ ਵਿੱਚ ਜਾ ਕੇ ਆਪਣੇ ਮੁਆਫ਼ੀਨਾਮੇ ਦੀ ਪੁਸ਼ਟੀ ਕਰਨੀ ਹੁੰਦੀ ਹੈ ਤਾਂ ਇਸ ਦੌਰਾਨ ਕਾਫੀ ਖ਼ਰਚ ਹੁੰਦੇ ਹਨ। ਐਸ.ਪੀ. ਸਿੰਘ ਉਬਰਾਏ ਦੀ ਸਰਬੱਤ ਦਾ ਭਲਾ ਟਰੱਸਟ ਪਿਛਲੇ ਲੰਮੇ ਸਮੇਂ ਤੋਂ ਇਸੇ ਕਾਰਜ ਵਿੱਚ ਰੁੱਝੀ ਹੋਈ ਹੈ। 'ਏਬੀਪੀ ਸਾਂਝਾ' ਰਾਹੀਂ ਓਬਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਕੋਈ ਨੌਕਰੀ ਕਰਨ ਖਾੜੀ ਮੁਲਕਾਂ ਵਿੱਚ ਜਾਣਾ ਚਾਹੁੰਦਾ ਹੈ, ਉਹ ਸਾਡੇ ਦਫ਼ਤਰ ਵਿੱਚ ਵੀਜ਼ਾ ਤੇ ਕੰਪਨੀ ਦੀ ਜਾਣਕਾਰੀ ਦੇਵੇ ਅਸੀਂ ਜਾਂਚ ਕਰਕੇ ਦੱਸਾਂਗੇ ਕਿ ਕੰਪਨੀ ਸਹੀ ਹੈ ਜਾਂ ਨਹੀਂ।