ਚੰਡੀਗੜ੍ਹ: ਪੰਚਾਇਤੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰਣਨੀਤੀ ਬਣਾਈ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਪਾਰਟੀ ਵਰਕਰਾਂ ਨਾਲ ਰਾਬਤਾ ਕੀਤਾ। ਇਸ ਮੌਕੇ ਉਨ੍ਹਾਂ ਨੇ ਉਮੀਦਵਾਰਾਂ ਨੂੰ ਚੋਣਾਂ ਸਾਫ਼-ਸੁਥਰੇ ਤਰੀਕੇ ਨਾਲ ਲੜਨ ਦੀ ਸਲਾਹ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਸੋਚ-ਸਮਝ ਕੇ ਹੀ ਪਿੰਡ ਦਾ ਮੁਖੀ ਚੁਣਿਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਦਾ ਏਕਾ ਰੱਖਣ ਵਾਲਾ ਹੀ ਸਰੰਪਚ ਬਣਾਇਆ ਜਾਵੇ।
ਭਗਵੰਤ ਮਾਨ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ 'ਤੇ ਵੀ ਖੂਬ ਵਰ੍ਹੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ ਹੋ ਚੁੱਕੀ ਹੈ। ਦਿਨ-ਦਿਹਾੜੇ ਸ਼ਰੇਆਮ ਕਤਲ ਹੋ ਰਹੇ ਹਨ। ਚੋਣਾਂ 'ਚ ਕਾਂਗਰਸੀ ਧੱਕੇਸ਼ਾਹੀ ਕਰ ਰਹੇ ਹਨ। ਕਾਂਗਰਸੀ ਵਾਰਡ ਨੂੰ ਆਪਣੇ ਹਿਸਾਬ ਨਾਲ ਬਦਲ ਰਹੇ ਹਨ। ਇਸ ਤਰ੍ਹਾਂ ਕੈਪਟਨ ਸਰਕਾਰ ਜਮਹੂਰੀਅਤ ਦਾ ਕਤਲ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਸਰਦ ਰੁੱਤ ਇੱਕ ਮਜ਼ਾਕ ਸੀ। ਸਰਕਾਰ ਬਰਗਾੜੀ ਮਾਮਲੇ ਨੂੰ ਵੀ ਠੰਢੇ ਬਸਤੇ ਪਾ ਰਹੀ ਹੈ। ਭਗਵੰਤ ਮਾਨ ਨੇ ਅਕਾਲੀ ਦਲ ਨੂੰ ਵੀ ਰਗੜੇ ਲਾਏ। ਬਾਦਲਾਂ ਵੱਲੋਂ ਭੁੱਲਾਂ ਬਖਸ਼ਾਉਣ 'ਤੇ ਮਾਨ ਨੇ ਕਿਹਾ ਕਿ ਪਾਪਾਂ ਦੀ ਮੁਆਫ਼ੀ ਨਹੀਂ ਸਗੋਂ ਸਜਾ ਮਿਲਦੀ ਹੈ।