ਬਾਬਾ ਬਕਾਲਾ: ਰੱਖੜ ਪੁੰਨਿਆ ਦੀ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਲੀਡਰ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ਵਿੱਚ ਹੀ ਵੱਖਰਾ ਧੜਾ ਬਣਾਉਣ ਵਾਲੇ ਸੁਖਪਾਲ ਖਹਿਰਾ 'ਤੇ ਤਿੱਖੇ ਨਿਸ਼ਾਨੇ ਲਾਏ। ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਮੰਦਬੁੱਧੀ ਦੱਸਦੇ ਹੋਏ ਕਿਹਾ ਕਿ ਉਸ ਬਾਰੇ ਗੱਲ ਹੀ ਕੀ ਕਹਿਣੀ ਮਾਫ ਕਰੋ ਉਸ ਨੂੰ। ਮਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ 'ਤੇ ਅਮਰੀਕਾ ਵਿੱਚ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਦਸਤਾਰ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਦੋਸਤਾਨਾ ਮੈਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਜਾਂਦੇ-ਜਾਂਦੇ ਕੈਪਟਨ ਦੇ ਕੇਸ ਖ਼ਤਮ ਕਰਵਾ ਗਏ ਸਨ। ਹੁਣ ਕੈਪਟਨ ਬਾਦਲਾਂ ਨੂੰ ਬਚਾ ਰਹੇ ਹਨ। ਮਾਨ ਨੇ ਕਿਹਾ ਕਿ ਬਰਗਾੜੀ ਵਿੱਚ ਗੋਲ਼ੀ ਚੱਲਣ ਸਮੇਂ ਸੁਖਬੀਰ ਗ੍ਰਹਿ ਮੰਤਰੀ ਸੀ। ਉਨ੍ਹਾਂ ਕਿਹਾ ਕਿ ਰਾਤ ਨੂੰ ਵੱਡੇ ਬਾਦਲ ਡੀਜੀਪੀ ਨਾਲ ਫ਼ੋਨ 'ਤੇ ਗੱਲ ਕਰਦੇ ਹਨ ਤੇ ਸਵੇਰੇ ਫਾਇਰਿੰਗ ਹੋ ਜਾਂਦੀ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਇੱਥੇ ਤਾਂ ਇਹ ਭਾਵੇਂ ਬੱਚ ਜਾਣ ਪਰ ਲੋਕਾਂ ਦੀ ਕਚਹਿਰੀ ਵਿੱਚ ਕਿਹੜੇ ਵਕੀਲ ਕਰਨਗੇ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਲਗਾਤਾਰ ਚੈਲੰਜ ਕਰ ਰਹੇ ਸੁਖਪਾਲ ਖਹਿਰਾ ਦਾ ਨਾਂ ਲਏ ਬਗੈਰ ਭਗਵੰਤ ਮਾਨ ਨੇ ਮੁੜ ਕਿਹਾ ਕਿ ਜਿਹੜਾ ਅਨੁਸ਼ਾਸਨ ਤੋੜੇਗਾ ਉਸ 'ਤੇ ਐਕਸ਼ਨ ਹੋਵੇਗਾ, ਭਾਵੇਂ ਉਹ ਮੈਂ ਹੀ ਹੋਵਾਂ। ਸੰਗਰੂਰ ਤੋਂ ਸੰਸਦ ਮੈਂਬਰ ਨੇ ਖਹਿਰਾ ਧੜੇ ਨੂੰ ਤੋਤਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਰਹਿਣਾ ਪਿੰਜਰੇ ਵਿੱਚ ਹੀ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਤੋਤਿਆਂ ਨੂੰ ਦਾਣਾ ਕੌਣ ਪਾ ਰਿਹਾ ਹੈ। ਭਗਵੰਤ ਮਾਨ ਨੇ ਆਪਣੇ ਵਿਅੰਗ ਵਾਲੇ ਅੰਦਾਜ਼ ਵਿੱਚ ਪ੍ਰਧਾਨ ਮੰਤਰੀ ਮੋਦੀ ਬਾਰੇ ਵੀ ਕਈ ਗੱਲਾਂ ਮੰਚ ਤੋਂ ਕੀਤੀਆਂ। ਇਸ ਵਿੱਚ ਉਨਾਂ ਖਾਸ ਤੌਰ 'ਤੇ ਅੱਛੇ ਦਿਨ ਦਾ ਜ਼ਿਕਰ ਵੀ ਕੀਤਾ।