ਕਾਂਗਰਸ ਨੇ ਬਾਦਲਾਂ ਲਈ ਮੰਗੀ ਫਾਂਸੀ ਦੀ ਸਜ਼ਾ, ਮੱਸੇ ਰੰਘੜ ਨਾਲ ਤੁਲਨਾ
ਏਬੀਪੀ ਸਾਂਝਾ | 26 Aug 2018 03:31 PM (IST)
ਬਟਾਲਾ: ਬਾਬਾ ਬਕਾਲਾ ਵਿਖੇ ਰੱਖਣ ਪੁੰਨਿਆ ਮੌਕੇ ਸਿਆਸੀ ਕਾਨਫ਼ਰੰਸਾਂ ਵਿੱਚ ਸਿਆਸੀ ਪਾਰਟੀਆਂ ਵੱਲੋਂ ਇੱਕ-ਦੂਜੇ 'ਤੇ ਚਿੱਕੜ ਉਛਾਲੀ ਦਾ ਦੌਰ ਜਾਰੀ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਬਾਦਲ ਪਰਿਵਾਰ 'ਤੇ ਖ਼ੂਬ ਰਗੜੇ ਲਾਏ ਤੇ ਸਾਬਕਾ ਮੁੱਖ ਮੰਤਰੀ ਨੂੰ ਪੰਥ ਦਾ ਦੋਖੀ ਕਰਾਰ ਦਿੱਤਾ। ਰੰਧਾਵਾ ਨੇ ਐਸਜੀਪੀਸੀ ਵੱਲੋਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਰੱਦ ਕਰਨ ਦੀ ਆਲੋਚਨਾ ਵੀ ਕੀਤੀ। ਆਪਣੇ ਭਾਸ਼ਣ ਦੌਰਾਨ ਸੁਖਜਿੰਦਰ ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਬੇਅਦਬੀ ਕਾਂਡ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੋਵਾਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਨੇ ਸਿਰਸੇ ਵਾਲੇ (ਡੇਰਾ ਸਿਰਸਾ ਦੇ ਮੁਖੀ) ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ। ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮਹੰਤ ਪ੍ਰਕਾਸ਼ ਦਾਸ ਦੱਸਿਆ ਤੇ ਕਿਹਾ ਕਿ ਉਹ ਸਿੱਖੀ ਦਾ ਖ਼ਾਤਮ ਕਰਨ ਲਈ ਤੱਤਪਰ ਹੈ। ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਚੈਲੰਜ ਕਰਦਿਆਂ ਕਿਹਾ ਕਿ ਜੇ ਸੁਖਬੀਰ ਬਾਦਲ ਵਿੱਚ ਹਿੰਮਤ ਹੈ ਤਾਂ ਉਹ ਮੇਰੇ 'ਤੇ ਕੇਸ ਹਾਈਕੋਰਟ ਵਿੱਚ ਕੇਸ ਕਰੇ, ਜੇ ਮੈਂ ਗਲਤ ਹੋਇਆ ਤਾਂ ਮੈਂ ਆਪਣਾ ਮੂੰਹ ਕਾਲਾ ਕਰਵਾ ਕੇ ਸੰਗਤ ਵਿੱਚ ਮਾਫੀ ਮੰਗਾਂਗਾ, ਇਨ੍ਹਾਂ ਵਾਂਗੂੰ ਭੱਜਾਂਗਾ ਨਹੀਂ। ਅਮਰੀਕਾ ਵਿੱਚ ਅਕਾਲੀ ਲੀਡਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ 'ਤੇ ਹੋਏ ਹਮਲੇ ਬਾਰੇ ਰੰਧਾਵਾ ਨੇ ਕਿਹਾ ਕਿ ਜੀਕੇ ਦੇ ਜੁੱਤੀਆਂ ਕੈਪਟਨ ਅਮਰਿੰਦਰ ਸਿੰਘ ਜਾਂ ਸੁੱਖੀ ਰੰਧਾਵਾ ਨੇ ਨਹੀਂ ਮਾਰੀਆਂ ਬਲਕਿ ਉੱਥੋਂ ਦੇ ਸਿੱਖਾਂ ਨੇ ਮਾਰੀਆਂ ਹਨ। ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਭਲਕੇ ਉਹ ਵਿਧਾਨ ਸਭਾ ਵਿੱਚ ਅਕਾਲੀਆਂ ਦੇ ਪਰਖਚੇ ਉਡਾ ਦੇਣਗੇ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਤਾਰਾਂ ਮਹੀਨਿਆਂ ਵਿੱਚ ਬੇਅਦਬੀ ਕਾਂਡ ਦੇ ਜ਼ਿੰਮੇਵਾਰਾਂ ਨੂੰ ਹੱਥ ਪਾ ਲਿਆ ਤੇ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਕੇ ਰਹੇਗਾ। ਉਨ੍ਹਾਂ ਰੈਲੀ ਵਿੱਚ ਕਿਹਾ ਕਿ ਇਹ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਬਹਿਬਲ ਕਲਾਂ ਕਾਂਡ ਦਾ ਜਨਰਲ ਡਾਇਰ ਕੌਣ ਹੈ। ਕਾਂਗਰਸ ਦੀ ਸਟੇਜ ਤੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਾਦਲਾਂ ਨੇ ਸਿਰਸੇ ਵਾਲੇ ਨਾਲ ਮਿਲ ਕੇ ਬੇਅਦਬੀ ਕਰਵਾਈ। ਮੰਤਰੀ ਨੇ ਕਿਹਾ ਕਿ ਜਿਵੇਂ ਲੋਕਾਂ ਨੇ ਮੱਸੇ ਰੰਘੜ ਨੂੰ ਨਹੀਂ ਛੱਡਿਆ ਸੁੱਖੇ ਰੰਘੜ ਨੂੰ ਵੀ ਨਹੀਂ ਛੱਡਣਗੇ।