ਜਲੰਧਰ: ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਭਗਵੰਤ ਮਾਨ 'ਤੇ ਨਿਸ਼ਾਨਾ ਕੱਸਦਿਆਂ ਟਵੀਟ ਕੀਤਾ ਹੈ ਕਿ ਭਗਵੰਤ ਮਾਨ ਦੇ ਬਿਆਨਾਂ ਤੋਂ ਉਨ੍ਹਾਂ ਦੀਆਂ ਡੂੰਘੀਆਂ ਸਾਜ਼ਿਸ਼ਾਂ ਜੱਗ ਜ਼ਾਹਰ ਹੋ ਚੁੱਕੀਆਂ ਹਨ।

ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮਤੰਰੀ ਦੀ ਕੁਰਸੀ ਦੀ ਲਾਲਸਾ 'ਚ ਪਹਿਲਾਂ ਪਾਰਟੀ ਦੇ ਹੋਰ ਅਹੁਦੇਦਾਰ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਘੁੱਗੀ ਨੂੰ ਪਾਰਟੀ 'ਚੋਂ ਲਾਂਭੇ ਕੀਤਾ ਤੇ ਹੁਣ ਮੇਰੇ ਨਾਲ ਵੀ ਅਜਿਹਾ ਕੁਝ ਕਰਨ ਦੇ ਰੌਂਅ 'ਚ ਹਨ।

ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਲਈ ਪਾਰਟੀ 'ਚ ਸਾਜ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਵੱਲੋਂ ਮਾਫੀ ਮੰਗਣ ਦੇ ਮੁੱਦੇ 'ਤੇ ਆਪਣਾ ਸਟੈਂਡ ਸਪਸ਼ਟ ਕਰਨ ਤੇ ਨਾਲ ਹੀ ਇਹ ਵੀ ਦੱਸਣ ਕਿ ਉਹ ਪੰਜਾਬ ਨੂੰ ਖੁਦਮੁਖਤਿਆਰ ਬਣਾਉਣ ਦੇ ਖਿਲਾਫ ਕਿਉਂ ਹਨ।

ਜ਼ਿਕਰਯੋਗ ਹੈ ਕਿ ਕੱਲ੍ਹ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਸੁਖਪਾਲ ਖਹਿਰਾ ਵਿਰੁੱਧ ਕਾਰਵਾਈ ਛੇਤੀ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਨੂੰ ਮਨਾਉਣ ਸਬੰਧੀ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਉਹ ਵਾਪਸੀ ਲਈ ਨਹੀਂ ਮੰਨ ਰਹੇ।

ਖਹਿਰਾ ਵੱਲੋਂ 99 ਫ਼ੀਸਦੀ 'ਆਪ' ਵਰਕਰ ਉਨ੍ਹਾਂ ਨਾਲ ਹੋਣ ਦੇ ਦਾਅਵੇ ਬਾਰੇ ਮਾਨ ਨੇ ਕਿਹਾ ਸੀ ਕਿ ਕਹਿਣ ਨੂੰ ਕੀ ਹੁੰਦਾ ਉਹ ਬੇਸ਼ੱਕ 100 ਫ਼ੀਸਦੀ ਹੀ ਕਹਿ ਦੇਣ।