ਚੀਮਾ ਨੂੰ ਸੁਖਬੀਰ ਬਾਦਲ ਜਾਪਣ ‘ਮੈਂਟਲੀ ਡਿਸਟਰਬਡ’
ਏਬੀਪੀ ਸਾਂਝਾ | 26 Aug 2018 10:23 AM (IST)
ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਘਮਸਾਣ ਜਾਰੀ ਹੈ। ਪਾਰਟੀ ਲੀਡਰ ਵੱਖਰੇ ਧੜ੍ਹਿਆਂ ਵਿੱਚ ਅੱਡ ਹੋ ਗਏ ਹਨ। ਆਪਣੀ ਪਾਰਟੀ ਦੇ ਬੰਦਿਆਂ ’ਤੇ ਵਾਰ ਕਰਨ ਦੇ ਇਲਾਵਾ ਬਾਹਰੀ ਦਲਾਂ ਦੇ ਲੀਡਰਾਂ ’ਤੇ ਵੀ ਨਿਸ਼ਾਨੇ ਕੱਸੇ ਜਾ ਰਹੇ ਹਨ। ਇਸੇ ਦੌਰਾਨ ‘ਆਪ’ ਦੇ ਨਵੇਂ ਥਾਪੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਕੱਲ੍ਹ ਦੇਸ਼ ਦੇ ਪਹਿਲੇ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੁੱਤਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਫ਼ਰੀਦਕੋਟ ਪੁੱਜੇ। ਇੱਥੇ ਉਨ੍ਹਾਂ ਪਾਰਟੀ ਦੇ ਮਾਲਵਾ ਜ਼ੋਨ ਇੰਚਾਰਜ ਗੁਰਦਿੱਤ ਸੇਖੋਂ ਦੇ ਘਰ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਮੈਂਟਲੀ ਡਿਸਟਰਬ ਹੋ ਗਏ ਹਨ ਯਾਨੀ ਉਨ੍ਹਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਸੁਖਬੀਰ ਬਾਦਲ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਤਿਆਰ ਕੀਤੀ ਰਿਪੋਟਰ ਨੂੰ ਗ਼ਲਤ ਕਹਿਣ ਦੇ ਬਿਆਨ ਬਾਰੇ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਮੈਂਟਲੀ ਡਿਸਟਰਬ ਹੋ ਗਏ ਹਨ ਤੇ ਇਸੇ ਕਰਕੇ ਉਹ ਹਾਸੋਹੀਣੇ ਬਿਆਨ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਵਿਧਾਨ ਸਭਾ ਦੇ ਸਦਨ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਮਾਮਲੇ ਬਾਰੇ ਰਿਪੋਰਟ ਬਹਿਸ ਲਈ ਰੱਖੀ ਜਾਵੇਗੀ ਤੇ ਮੰਗਲਵਾਰ ਨੂੰ ਇਸ ’ਤੇ ਬਹਿਸ ਕੀਤੀ ਜਾਏਗੀ। ਇਸੇ ਦੌਰਾਨ ਸੁਖਪਾਲ ਖਹਿਰਾ ਵਲੋਂ ਕੀਤੀ ਰੈਲੀ ਦੌਰਾਨ ਪੱਗ ਦਾ ਰੰਗ ਬਦਲਣ ਸਬੰਧੀ ਉਨ੍ਹਾਂ ਕਿਹਾ ਕਿ ਪੱਗਾਂ ਦੇ ਰੰਗ ਬਦਲਣ ਨਾਲ ਪਾਰਟੀ ਨਹੀਂ ਬਦਲ ਜਾਂਦੀ।