ਸਿਆਸੀ ਕਾਨਫਰੰਸ ’ਚ ਵੀ ਨਹੀਂ ਪੁੱਜ ਸਕਣਗੇ ਕੈਪਟਨ
ਏਬੀਪੀ ਸਾਂਝਾ | 26 Aug 2018 09:37 AM (IST)
ਬਾਬਾ ਬਕਾਲਾ: ਅਕਸਰ ਆਪਣੇ ਕੰਮਕਾਜ ਵਿੱਚ ਮਸਰੂਫ ਰਹਿਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖੜ ਪੁੰਨਿਆ ਦੀ ਸਿਆਸੀ ਰੈਲੀ ਤੋਂ ਵੀ ਕਿਨਾਰਾ ਕਰ ਲਿਆ ਹੈ। ਜਾਣਕਾਰੀ ਮਿਲੀ ਹੈ ਕਿ ਉਹ ਬਾਬਾ ਬਕਾਲਾ ਵਿਖੇ ਕਾਂਗਰਸ ਦੀ ਸਿਆਸੀ ਕਾਨਫਰੰਸ ਵਿੱਚ ਨਹੀਂ ਪੁੱਜ ਸਕਣਗੇ। ਹਾਲਾਂਕਿ ਮਾਝੇ ਦੇ ਕਾਂਗਰਸੀਆਂ ਵੱਲੋਂ ਲਗਾਤਾਰ ਪਾਰਟੀ ਲਈ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਕਾਨਫ਼ਰੰਸ ਵਿੱਚ ਹਾਜ਼ਰੀ ਲਵਾਉਣਗੇ ਪਰ ਉਨ੍ਹਾਂ ਦੇ ਆਉਣ ਦਾ ਪ੍ਰੋਗਰਾਮ ਪਹਿਲਾਂ ਹੀ ਰੱਦ ਹੋ ਗਿਆ ਹੈ। ਲੋਕਾਂ ਨੂੰ ਇਸ ਸਾਲ ਵੀ ਮੁੱਖ ਮੰਤਰੀ ਦੇ ਦਰਸ਼ਨ ਦੀਦਾਰੇ ਨਹੀਂ ਹੋ ਸਕਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਕਾਂਗਰਸ ਦੀ ਰੈਲੀ ਵਿੱਚ ਪੰਜਾਬ ਤੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਸ਼ਿਰਕਤ ਕਰਨਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖ਼ਰੀ ਵਾਰ 2016 ਵਿੱਚ ਬਾਬਾ ਬਕਾਲਾ ਦੀ ਕਾਨਫਰੰਸ ਵਿੱਚ ਪੁੱਜੇ ਸਨ। ਪਿਛਲੇ ਡੇਢ ਸਾਲਾਂ ਵਿੱਚ ਉਨ੍ਹਾਂ ਗੁਰੂ ਨਗਰੀ ਅੰਮ੍ਰਿਤਸਰ ਦਾ ਸਿਰਫ ਦੋ ਵਾਰ ਦੌਰਾ ਕੀਤਾ ਹੈ।